ਲਾਡੋਵਾਲ, 3 ਜਨਵਰੀ (ਬਲਬੀਰ ਸਿੰਘ ਰਾਣਾ)-ਹਲਕਾ ਗਿੱਲ ਅਧੀਨ ਆਉਂਦੇ ਲਾਡੋਵਾਲ ਦੀ ਕੋਆਪ੍ਰੇਟਿਵ ਸੁਸਾਇਟੀ 'ਚ ਕਿਸਾਨਾਂ ਵਾਸਤੇ ਆਏ 560 ਬੈਗ ਯੂਰੀਆ ਖਾਦ, ਜੋ ਸੁਸਾਇਟੀ ਵਿਚ ਪਹੁੰਚਣ ਤੋਂ ਪਹਿਲਾਂ ਹੀ ਖਾਦ ਨਾਲ ਭਰੇ ਟਰੱਕ ਨੂੰ ਕੋਈ ਵਿਅਕਤੀ ਆਪਣੇ ਘਰ ਲੈ ਗਿਆ ਸੀ, ਖਾਦ ਨਾ ਮਿਲਣ 'ਤੇ ਗੁੱਸੇ 'ਚ ਆਏ ਕਿਸਾਨਾਂ ਨੇ ਸੁਸਾਇਟੀ ਵਿਚ ਪਹੁੰਚ ਕੇ ਭਾਰੀ ਰੋਸ ਜਤਾਇਆ ਸੀ | ਕਿਸਾਨਾਂ ਵਲੋਂ ਕੀਤੇ ਹੰਗਾਮੇ ਤੋਂ ਬਾਅਦ ਸੁਸਾਇਟੀ ਦੇ ਪ੍ਰਧਾਨ ਬਾਦਸ਼ਾਹ ਸਿੰਘ ਦਿਓਲ, ਸਕੱਤਰ ਕਰਮਪਾਲ ਸਿੰਘ ਵਿਰਕ ਅਤੇ ਸੁਸਾਇਟੀ ਨਾਲ ਜੁੜੇ ਕਿਸਾਨਾਂ ਨੂੰ ਯੂਰੀਆ ਨਾ ਮਿਲਣ 'ਤੇ ਮਾਰਕਫੈੱਡ ਲੁਧਿਆਣਾ, ਜ਼ਿਲ੍ਹਾ ਰਜਿਸਟਰਾਰ ਅਤੇ ਸਹਾਇਕ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਦੇ ਦਫ਼ਤਰਾਂ ਵਿਚ ਪੁੱਜ ਕੇ ਆਪਣੀ ਸਮੱਸਿਆ ਤੋਂ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਉਪਰੰਤ ਅਖ਼ਬਾਰਾਂ ਵਿਚ ਖ਼ਬਰਾਂ ਨੂੰ ਲਗਵਾਇਆ ਗਿਆ, ਖ਼ਬਰਾਂ ਦਾ ਅਸਰ ਇੰਨਾ ਪਿਆ ਕਿ ਖਾਦ ਦਾ ਭਰਿਆ ਟਰੱਕ ਆਪਣੇ ਘਰ ਲਿਜਾਉਣ ਵਾਲੇ ਨੂੰ ਸਾਰੀ ਖਾਦ ਆਪਣੇ ਟਰੈਕਟਰ ਟਰਾਲੀ ਰਾਹੀਂ ਸੁਸਾਇਟੀ ਵਿਚ ਵਾਪਸ ਲਿਆਉਣੀ ਪਈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੱਤਰ ਕਰਮਪਾਲ ਸਿੰਘ ਵਿਰਕ ਨੇ ਦੱਸਿਆ ਕਿ ਯੂਰੀਆ ਖਾਦ ਨਾਲ ਭਰਿਆ ਟਰੱਕ ਗਾਇਬ ਹੋਣ 'ਤੇ ਮਾਰਕਫੈੱਡ ਵਿਭਾਗ ਅਤੇ ਜ਼ਿਲ੍ਹਾ ਰਜਿਸਟਰਾਰ ਵਿਭਾਗ ਹਰਕਤ ਵਿਚ ਆਇਆ, ਪੂਰੀ ਜਾਂਚ ਪੜਤਾਲ ਕਰਨ ਲਈ ਕੋਆਪ੍ਰੇਟਿਵ ਸੁਸਾਇਟੀ ਦੀ ਇੰਸਪੈਕਟਰ ਸਿਮਰਨ ਗਰਗ ਦੀ ਡਿਊਟੀ ਲਗਾਈ ਗਈ | ਇਸ ਮੌਕੇ ਇੰਸਪੈਕਟਰ ਸਿਮਰਨ ਗਰਗ ਨੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਜੋ ਵਿਅਕਤੀ ਖਿਲਾਫ ਆਪਣੇ ਘਰ ਲੈ ਗਿਆ ਸੀ, ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਪੁਰਜ਼ੋਰ ਸਿਫਾਰਿਸ਼ ਕੀਤੀ ਗਈ | ਸਕੱਤਰ ਵਿਰਕ ਨੇ ਦੱਸਿਆ ਕਿ ਯੂਰੀਆ ਖਾਦ ਸੁਸਾਇਟੀ ਵਿਚ ਵਾਪਸ ਆਉਣ 'ਤੇ ਉਨ੍ਹਾਂ ਵਲੋਂ ਬਿਲਟੀ 'ਤੇ ਦਸਤਖ਼ਤ ਕਰ ਦਿੱਤੇ ਗਏ ਹਨ |