ਲੁਧਿਆਣਾ, 23 ਜਨਵਰੀ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਬੀਕੇਯੂ ਦੁਆਬਾ ਵਲੋਂ ਪਿੰਡ ਗੌਂਸਗੜ੍ਹ ਅਤੇ ਕਾਦੀਆਂ ਵਿਖੇ ਅਹਿਮ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਸਤਲੁਜ ਦਰਿਆ ਦੇ ਪਿੰਡ ਸਸਰਾਲੀ ਵਿਚ ਟੁੱਟੇ ਬੰਨ੍ਹ ਨੂੰ ਬਣਾਉਣ ਲਈ ਸਰਕਾਰ ਨਾਲ ਬਹੁਤ ਵਾਰ ਮੀਟਿੰਗਾਂ ਅਤੇ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪਰ ਹਾਲੇ ਤੱਕ ਇਸ ਸਬੰਧ ਵਿਚ ਕੋਈ ਵੀ ਸੁਣਵਾਈ ਨਹੀਂ ਹੋਈ | ਇਸ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਤੋਂ ਲਟਕ ਰਹੀ ਰਾਹੋਂ ਸੜਕ ਨੂੰ ਬਣਾਉਣ ਦੀ ਮੰਗ ਹੈ, ਜਿਸਦੀ ਕੋਈ ਸੁਣਵਾਈ ਨਹੀਂ ਹੋ ਰਹੀ | ਤੀਜਾ ਬਸਤੀ ਚੌਕ ਤੋਂ ਲੈ ਕੇ ਪਿੰਡ ਮੇਹਰਬਾਨ ਤੱਕ ਸੜਕ ਉਪਰ ਲੱਗੀਆਂ ਰੇੜੀਆਂ-ਫੜੀਆਂ ਜੋ ਕਿ ਟਰੈਫ਼ਿਕ ਜਾਮ ਦਾ ਕਾਰਨ ਬਣਦੀਆਂ ਹਨ ਅਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨੂੰ ਲੈਕੇ ਨਾ ਤਾਂ ਨਗਰ ਨਿਗਮ ਗੰਭੀਰ ਹੈ ਅਤੇ ਨਾ ਹੀ ਟਰੈਫ਼ਿਕ ਪੁਲਿਸ ਕੋਈ ਕਾਰਵਾਈ ਕਰਦੀ ਹੈ | ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦੇ ਚੱਲਦਿਆਂ ਯੂਨੀਅਨ ਵਲੋਂ 26 ਜਨਵਰੀ ਨੂੰ ਲਾਡੋਵਾਲ ਟੋਲ ਪਲਾਜ਼ਾ 12.00 ਵਜੇ ਮੁਫ਼ਤ ਕਰ ਦਿੱਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ | ਮੀਟਿੰਗ ਵਿਚ ਇੰਦਰਬੀਰ ਕਾਦੀਆਂ ਪ੍ਰਧਾਨ ਮਾਲਵਾ ਜ਼ੋਨ, ਬਾਬਾ ਭੋਲਾ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਮੁਖ ਸਿੰਘ, ਹਲਕਾ ਪ੍ਰਧਾਨ ਸੁਖਦੀਪ ਸਿੰਘ ਮੰਗਲੀ, ਸਟੇਟ ਬਾਡੀ ਮੈਂਬਰ ਦਵਿੰਦਰ ਸਿੰਘ ਨਾਗਰਾ ਆਦਿ ਹਾਜ਼ਰ ਸਨ |