ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਅੱਠ ਤੇ ਘੇਰੇ ਅੰਦਰ ਪੈਂਦੇ ਇਲਾਕੇ ਕਾਲਜ ਰੋਡ 'ਤੇ ਸਥਿਤ ਐਮ.ਬੀ. ਜੈਨ ਜਿਊਲਰਜ਼ ਦਾ ਲੇਖਾਕਾਰ ਮਾਲਕਾਂ ਦੇ ਕਰੋੜਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਿਆ | ਪੁਲਿਸ ਵਲੋਂ ਇਸ ਮਾਮਲੇ ਵਿਚ ਮਾਲਕ ਵਿਕਰਮ ਜੈਨ ਵਾਸੀ ਟੈਗੋਰ ਨਗਰ ਦੀ ਸ਼ਿਕਾਇਤ 'ਤੇ ਲੇਖਾਕਾਰ ਰਾਮ ਸ਼ੰਕਰ ਵਾਸੀ ਸ਼ਿਮਲਾਪੁਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਰਿਕਾਰਡ ਵਿਚ ਹੇਰਾ-ਫੇਰੀ ਕਰ ਰਿਹਾ ਸੀ ਅਤੇ ਜਾਅਲੀ ਐਂਟਰੀਆਂ ਕਰਕੇ ਸੋਨਾ ਚੋਰੀ ਕਰ ਰਿਹਾ ਸੀ | ਜਦੋਂ ਉਨ੍ਹਾਂ ਨੇ ਬੀਤੇ ਦਿਨ ਚੈਕ ਕੀਤਾ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ, ਜਦੋਂ ਸੋਨੇ ਦਾ ਸਟਾਕ ਚੈਕ ਕੀਤਾ ਤਾਂ ਉਹ ਵੀ ਘੱਟ ਪਾਇਆ ਗਿਆ | ਸੂਤਰਾਂ ਅਨੁਸਾਰ ਲੇਖਾਕਾਰ ਕਰੋੜਾਂ ਰੁਪਏ ਮੁੱਲ ਦਾ ਸੋਨਾ ਚੋਰੀ ਕਰਕੇ ਫ਼ਰਾਰ ਹੋ ਗਿਆ ਹੈ | ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |