ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਪਾਸ਼ ਇਲਾਕੇ ਸ਼ਾਮ ਸਿੰਘ ਰੋਡ 'ਤੇ ਅੱਜ ਦਿਨ ਦਿਹਾੜੇ ਚੋਰ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਅਤੇ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਅੱਜ ਦੁਪਹਿਰ 12 ਵਜੇ ਦੇ ਕਰੀਬ ਉਸ ਵਕਤ ਵਾਪਰੀ, ਜਦੋਂ ਹਰਸ਼ਰਤਨ ਨਾਮੀ ਵਿਅਕਤੀ ਦੇ ਘਰ ਚੋਰ ਦਾਖਲ ਹੋਏ | ਉਸ ਵਕਤ ਰਤਨ ਆਪਣੀ ਪਤਨੀ ਨਾਲ ਮੰਦਰ ਵਿਚ ਮੱਥਾ ਟੇਕਣ ਲਈ ਗਏ ਹੋਏ ਸਨ | ਹਰਸ਼ਰਤਨ ਫੋਕਲ ਪੁਆਇੰਟ ਵਿਚ ਇਕ ਫ਼ੈਕਟਰੀ ਵਿਚ ਕੰਮ ਕਰਦੇ ਹਨ, ਜਦਕਿ ਉਨ੍ਹਾਂ ਦੇ ਬੱਚੇ ਵਿਦੇਸ਼ ਵਿਚ ਹਨ, ਜਦੋਂ ਉਹ ਦੁਪਹਿਰ ਬਾਅਦ ਘਰ ਵਾਪਸ ਆਏ ਤਾਂ ਉਨ੍ਹਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਘਰ ਵਿਚ ਪਏ 10 ਤੋਲੇ ਸੋਨੇ ਦੇ ਗਹਿਣੇ ਅਤੇ ਦੋ ਲੱਖ ਦੀ ਨਗਦੀ ਚੋਰੀ ਹੋ ਚੁੱਕੀ ਹੈ, ਜਿਸ 'ਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦਿਆਂ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਉੱਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ਼ ਚੈੱਕ ਕੀਤੀ ਗਈ ਤਾਂ ਉਸ ਵਿਚ ਇਕ ਸ਼ੱਕੀ ਨੌਜਵਾਨ ਘਰ ਦੇ ਨੇੜੇ ਘੁੰਮਦਾ ਦਿਖਾਈ ਦੇ ਰਿਹਾ ਹੈ | ਪੁਲਿਸ ਵਲੋਂ ਹਾਲ ਦੀ ਘੜੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਦਿਨ ਦਿਹਾੜੇ ਹੋਈ ਚੋਰੀ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ | ਹਾਲਾਂਕਿ ਪੁਲਿਸ ਵਲੋਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਿਰ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਹੋਏ ਹਨ |