ਲੁਧਿਆਣਾ, 24 ਜਨਵਰੀ (ਡਾ. ਤਰਲੋਚਨ ਸਿੰਘ)-ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਲਈ ਮੋਰਚਾ ਖੋਲ੍ਹ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਉਲ ਨੇ ਦੱਸਿਆ ਕਿ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦੇ ਸੰਦਰਭ ਵਿਚ ਸਮੂਹ ਕਰਮਚਾਰੀਆਂ ਵਲੋਂ ਪੰਜਾਬ ਭਰ ਵਿਚ ਐਚ.ਆਈ.ਵੀ, ਏਡਜ਼ ਦੀਆਂ ਸਾਰੀਆਂ ਸੇਵਾਵਾਂ ਦਵਾਈ ਦੇਣ, ਟੈਸਟਿੰਗ, ਕਾਊਾਸਲਿੰਗ, ਨਸ਼ੇ ਦੇ ਮਰੀਜ਼ਾਂ ਨੂੰ ਦਵਾਈਆਂ ਦੇਣ, ਗੁਪਤ ਰੋਗਾਂ ਦੇ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਇਲਾਵਾ ਬਲੱਡ ਸੈਂਟਰਾਂ ਦੇ ਕਰਮਚਾਰੀ 29 ਜਨਵਰੀ ਨੂੰ ਸਵੇਰੇ ਦੋ ਘੰਟੇ ਲਈ ਹਰ ਤਰ੍ਹਾਂ ਦੀ ਸੇਵਾ ਠੱਪ ਕਰਕੇ ਆਪੋ ਆਪਣੇ ਸੈਂਟਰਾਂ 'ਤੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨਗੇ | ਇਸ ਤੋਂ ਬਾਅਦ ਵਿਚ ਹਰ ਤਰ੍ਹਾਂ ਦੀ ਰਿਪੋਰਟਿੰਗ ਬੰਦ ਕੀਤੀ ਜਾਵੇਗੀ ਅਤੇ ਸਾਰੇ ਸਰਕਾਰੀ ਸਮਾਗਮਾਂ ਦਾ ਬਾਈਕਾਟ ਕੀਤਾ ਜਾਵੇਗਾ | ਜੇਕਰ ਫਿਰ ਵੀ ਮੰਗਾਂ ਨਹੀਂ ਮੰਨੀਆਂ ਤਾਂ 15 ਫਰਵਰੀ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਦੀ ਨਿੱਜੀ ਰਿਹਾਇਸ਼ ਪਟਿਆਲਾ ਵਿਖੇ ਪੰਜਾਬ ਭਰ ਦੇ ਕਰਮਚਾਰੀ ਰੋਸ ਰੈਲੀ ਕੱਢਣ ਲਈ ਮਜਬੂਰ ਹੋਣਗੇ | ਇਸ ਮੌਕੇ ਸਟੇਟ ਆਗੂ ਵੀ ਹਾਜ਼ਰ ਸਨ |