ਲੁਧਿਆਣਾ, 28 ਜਨਵਰੀ (ਜਸਵਿੰਦਰ ਸਿੰਘ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਡਾ. ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਬੀਜ ਡੀਲਰਾਂ ਦੀ ਮੀਟਿੰਗ ਕੀਤੀ ਗਈ | ਜਿਸ ਵਿੱਚ ਡੀਲਰਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਬਹਾਰ ਰੁੱਤ ਦੀ ਮੱਕੀ ਦੇ ਬੀਜ ਦੀ ਬਿਜਾਈ ਸ਼ੁਰੂ ਹੋ ਗਈ ਹੈ | ਜਿਸ ਦੇ ਸਬੰਧ ਵਿੱਚ ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕਿਸਾਨਾਂ ਨੂੰ ਮੱਕੀ ਦੇ ਬੀਜ ਸਬੰਧੀ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਜੋ ਇਸ ਸਾਲ ਨਹੀਂ ਹੋਣਾ ਚਾਹੀਦਾ | ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਵੱਲੋਂ ਸਮੂਹ ਬੀਜ ਡੀਲਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਕਿਸਾਨਾਂ ਨੂੰ ਸਮੇਂ ਸਿਰ ਸਹੀ ਰੇਟ ਬਹਾਰ ਰੁੱਤ ਦੀ ਮੱਕੀ ਦੇ ਬੀਜ ਨੂੰ ਉਪਲੱਬਧ ਕਰਵਾਇਆ ਜਾਵੇ ਅਤੇ ਬੀਜ ਦੇਣ ਸਮੇਂ ਕਿਸਾਨਾਂ ਨੂੰ ਪੱਕਾ ਬਿੱਲ ਜਰੂਰ ਦਿੱਤਾ ਜਾਵੇ | ਇਸ ਮੀਟਿੰਗ ਦੌਰਾਨ ਖੇਤੀਬਾੜੀ ਵਿਕਾਸ ਅਫਸਰ (ਬੀਜ), ਲੁਧਿਆਣਾ ਡਾ. ਮਨਜੀਤ ਸਿੰਘ ਵੱਲੋਂ ਡੀਲਰਾਂ ਨੂੰ ਬਹਾਰ ਰੁੱਤ ਦੀ ਮੱਕੀ ਸਬੰਧੀ ਪੀ.ਏ.ਯੂ, ਦੀਆਂ ਮਨਜੂਰਸ਼ੁਦਾ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਖੇਤੀਬਾੜੀ ਵਿਕਾਸ ਅਫਸਰ (ਇਨਫੋ), ਲੁਧਿਆਣਾ ਡਾ. ਸੁਖਵੀਰ ਸਿੰਘ ਵੱਲੋਂ ਜ਼ਿਲ੍ਹਾ ਲੁਧਿਆਣਾ ਵਿੱਚ ਯੂਰੀਆ ਦੀ ਵੱਧ ਰਹੀ ਵਰਤੋਂ ਸਬੰਧੀ ਚਿੰਤਾ ਜਾਹਿਰ ਕੀਤੀ | ਇਸ ਮੌਕੇ ਜ਼ਿਲ੍ਹਾ ਦੇ ਵੱਖ-ਵੱਖ ਬਲਾਕਾਂ ਦੇ ਸਮੂਹ ਡੀਲਰ, ਡਾ. ਗਗਨਦੀਪ ਕੌਰ, ਖੇਤੀਬਾੜੀ ਅਫਸਰ, ਬਲਾਕ ਪੱਖੋਵਾਲ, ਡਾ. ਕਰਮਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਬਲਾਕ ਲੁਧਿਆਣਾ ਅਤੇ ਰਾਜਦੀਪ ਕੁਮਾਰ ਜੇ.ਟੀ. ਆਦਿ ਸ਼ਾਮਲ ਸਨ |