ਲੁਧਿਆਣਾ, 28 ਜਨਵਰੀ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਿਚ ਸੇਵਾ ਮੁਕਤ ਹੋਣ ਦੇ ਦੋ-ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀ ਬਕਾਇਆ ਰਾਸ਼ੀ ਅਦਾ ਨਾ ਹੋਣ ਕਾਰਨ ਕਰਮਚਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਮਾਮਲੇ ਨੰੂ ਲੈਕੇ ਡਾ. ਅੰਬੇਡਕਰ ਯੂਥ ਸੈਨਾ ਵਲੋਂ ਨਗਰ ਨਿਗਮ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ | ਡਾ. ਅੰਬੇਡਕਰ ਯੂਥ ਸੈਨਾ ਦੇ ਪੰਜਾਬ ਪ੍ਰਧਾਨ ਰਾਜ ਕੁਮਾਰ ਹੈਪੀ, ਮੀਤ ਪ੍ਰਧਾਨ ਅਸ਼ਵਨੀ ਕੁਮਾਰ ਮੱਖਣ ਅਤੇ ਜਨਰਲ ਸਕੱਤਰ ਪੱਪੂ ਖਾਨ ਦੀ ਅਗਵਾਈ ਹੇਠ ਨਗਰ ਨਿਗਮ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੰੂ ਇਕ ਮੰਗ ਪੱਤਰ ਸੌਂਪਿਆ ਗਿਆ | ਮੰਗ ਪੱਤਰ ਰਾਹੀਂ ਸੇਵਾ ਮੁਕਤ ਸਫਾਈ ਸੇਵਕਾਂ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਰਾਜ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਤੋਂ ਸੇਵਾ ਮੁਕਤ ਹੋਏ ਕਰਮਚਾਰੀ ਪਿਛਲੇ ਦੋ ਸਾਲਾਂ ਤੋਂ ਆਪਣੇ ਹੱਕਾਂ ਦੀ ਰਕਮ ਲਈ ਦਫਤਰਾਂ ਦੇ ਚੱਕਰ ਲਗਾ ਰਹੇ ਹਨ ਪਰ ਉਨ੍ਹਾਂ ਨੰੂ ਸਿਰਫ ਟਾਲ-ਮਟੋਲ ਅਤੇ ਧੱਕੇ ਹੀ ਮਿਲ ਰਹੇ ਹਨ | ਉਨ੍ਹਾਂ ਕਿਹਾ ਕਿ ਪੈਨਸ਼ਨ ਲੱਗਣੀ ਤਾਂ ਦੂਰ ਦੀ ਗੱਲ ਹੈ, ਅਜੇ ਤੱਕ ਬਕਾਇਆ ਰਾਸ਼ੀ ਵੀ ਨਹੀਂ ਦਿੱਤੀ ਗਈ, ਜੋ ਸਰਕਾਰੀ ਪ੍ਰਸ਼ਾਸਨ ਦੀ ਸੰਵੇਦਨਸ਼ੀਨਤਾ ਨੰੂ ਦਰਸਾਉਂਦੀ ਹੈ | ਯੂਥ ਸੈਨਾ ਦੇ ਪ੍ਰਧਾਨ ਨੇ ਦੋਸ਼ ਲਗਾਇਆ ਕਿ ਆਮ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੰੂ ਮੁੜ ਸੱਤਾ ਵਿਚ ਲਿਆਉਣਾ ਚਾਹੁੰਦੇ ਹਨ ਪਰ ਕੁੱਝ ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਅਣਗਹਿਲੀ ਕਾਰਨ ਲੋਕਾਂ ਅਤੇ ਕਰਮਚਾਰੀਆਂ ਵਿਚ ਸਰਕਾਰ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ | ਕਰਮਚਾਰੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਲ ਨਜ਼ਰਾਂ ਗੜਾਈ ਬੈਠੇ ਹਨ | ਰਾਜ ਕੁਮਾਰ ਹੈਪੀ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਇਕ ਮਹੀਨੇ ਦੇ ਅੰਦਰ ਸੇਵਾ ਮੁਕਤ ਸਫਾਈ ਸੇਵਕਾਂ ਨੰੂ ਉਨ੍ਹਾਂ ਦੀ ਬਕਾਇਆ ਰਾਸ਼ੀ ਅਦਾ ਨਾ ਕੀਤੀ ਗਈ, ਤਾਂ ਡਾ. ਅੰਬੇਡਕਰ ਯੂਥ ਸੈਨਾ ਪੰਜਾਬ ਵਲੋਂ ਨਗਰ ਨਿਗਮ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਸੈਨਾ ਦੇ ਹੋਰ ਆਗੂ ਵੀ ਮੌਜੂਦ ਸਨ |