ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਕੰਪਨੀ ਵਿਚ ਨਿਵੇਸ਼ ਕਰਵਾ ਕੇ ਵੱਧ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਵਾਲੇ ਸ੍ਰੀਨਗਰ ਦੇ ਇਕ ਕਾਰੋਬਾਰੀ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਰਾਇਲ ਵਿਊ ਹੋਮ ਪੱਖੋਵਾਲ ਰੋਡ ਦੀ ਰਹਿਣ ਵਾਲੀ ਸੀਤਾ ਰਾਣੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਪੁਲਿਸ ਨੇ ਮੋਰਿਸ਼ ਐਡਮ ਸਾਮੀਰੀ ਵਾਸੀ ਸ਼੍ਰੀਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਨੇ ਉਸ ਨੂੰ ਆਪਣੀ ਕੰਪਨੀ ਵਿਚ ਪੈਸਾ ਲਗਾਉਣ ਦਾ ਕਿਹਾ ਅਤੇ ਮੁਨਾਫ਼ਾ ਦੇਣ ਦਾ ਵਾਅਦਾ ਕੀਤਾ, ਪਰ ਕਥਿਤ ਦੋਸ਼ੀ ਬਾਅਦ ਵਿਚ ਇਸ ਵਾਅਦੇ ਤੋਂ ਮੁੱਕਰ ਗਿਆ | ਕਥਿਤੇ ਦੋਸ਼ੀ ਵਲੋਂ ਉਸ ਨਾਲ 26 ਲੱਖ 98 ਹਜ਼ਾਰ ਦੀ ਧੋਖਾਧੜੀ ਕੀਤੀ ਗਈ ਹੈ | ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਜਾਂਚ ਕਰ ਰਹੀ ਹੈ |