ਲੁਧਿਆਣਾ, 3 ਫਰਵਰੀ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਹਰਬੰਸਪੁਰਾ ਇਲਾਕੇ 'ਚ ਨਿਯਮਾਂ ਦੇ ਉਲਟ ਤਰੀਕੇ ਨਾਲ ਬਣਾਏ ਗਏ ਇਕ ਵਿਹੜੇ ਨੰੂ ਲੈ ਕੇ ਇਕ ਸਥਾਨਕ ਨਿਵਾਸੀ ਵਲੋਂ ਨਿਗਮ ਨਿਗਮ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ | ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਕਤ ਵਿਹੜਾ ਬਿਲਡਿੰਗ ਨਿਯਮਾਂ ਦੀ ਉਲੰਘਣਾ ਕਰਕੇ ਤਿਆਰ ਕੀਤਾ ਗਿਆ ਹੈ, ਪਰ ਇਸ ਮਾਮਲੇ 'ਚ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ | ਸ਼ਿਕਾਇਤ ਅਨੁਸਾਰ ਸੰਬੰਧਿਤ ਵਿਭਾਗ ਵਲੋਂ ਵਿਹੜੇ ਦੇ ਮਾਲਕ ਨੰੂ ਉਸਾਰੀ ਸੰਬੰਧੀ ਜਾਣਕਾਰੀ ਅਤੇ ਦਸਤਾਵੇਜ਼ ਪੇਸ਼ ਕਰਨ ਲਈ 3 ਦਿਨਾਂ ਦੇ ਅੰਦਰ ਜਵਾਬ ਦੇਣ ਦਾ ਨੋਟਿਸ ਤਾਂ ਜਾਰੀ ਕੀਤਾ ਗਿਆ ਸੀ, ਪਰ ਨੋਟਿਸ ਤੋਂ ਬਾਅਦ ਅਜੇ ਤੱਕ ਅਗਲੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ | ਨਿਵਾਸੀ ਨੇ ਆਪਣੀ ਸ਼ਿਕਾਇਤ ਵਿਚ ਇਹ ਵੀ ਦਰਜ ਕਰਵਾਇਆ ਹੈ ਕਿ ਨਾਜਾਇਜ਼ ਤਰੀਕੇ ਨਾਲ ਬਣੇ ਇਸ ਵਿਹੜੇ ਦੇ ਅੰਦਰ ਲੱਗੀਆਂ ਪਾਣੀ ਦੀਆਂ ਪਾਈਪਾਂ ਟੁੱਟੀਆਂ ਹੋਈਆਂ ਹਨ, ਜਿਸ ਕਾਰਨ ਗੰਦਾ ਪਾਣੀ ਅਤੇ ਗੰਦਗੀ ਨੇੜਲੇ ਘਰਾਂ ਦੇ ਬਾਹਰ ਇਕੱਠੀ ਹੋ ਰਹੀ ਹੈ | ਇਸ ਮਾਮਲੇ ਸੰਬੰਧੀ ਜਦ ਸੰਬੰਧਿਤ ਬਿਲਡਿੰਗ ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ |