ਲੁਧਿਆਣਾ, 3 ਫਰਵਰੀ (ਜਸਵਿੰਦਰ ਸਿੰਘ)-ਦੂਜੀ ਜੂਨੀਅਰ ਏਸ਼ੀਆਈ ਸਾਫ਼ਟ ਟੈਨਿਸ ਚੈਂਪੀਅਨਸ਼ਿਪ 8 ਫਰਵਰੀ ਤੱਕ ਲੁਧਿਆਣਾ ਦੇ ਹਰਵੇਸਟ ਟੈਨਿਸ ਅਕੈਡਮੀ, ਜੱਸੋਵਾਲ ਵਿਚ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਵਿਚ ਭਾਰਤ ਸਮੇਤ 23 ਦੇਸ਼ਾਂ ਦੇ ਲਗਭਗ 550 ਖਿਡਾਰੀ ਅਤੇ ਅਧਿਕਾਰੀ ਹਿੱਸਾ ਲੈਣਗੇ | ਇਸ ਦੌਰਾਨ ਭਾਗ ਲੈਣ ਵਾਲੀਆਂ ਟੀਮਾਂ ਲਈ ਰਹਿਣ-ਖਾਣ ਅਤੇ ਮੈਚਾਂ ਦੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਉਚਿੱਤ ਪ੍ਰਬੰਧ ਕੀਤੇ ਗਏ ਹਨ | ਸਾਫ਼ਟ ਟੈਨਿਸ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਨੂੰ ਸਫਲ ਬਣਾਉਣ ਲਈ ਐਸੋਸੀਏਸ਼ਨ ਦੇ ਪ੍ਰਧਾਨ ਅਨੁਮੀਤ ਸਿੰਘ ਹੀਰਾ ਸੋਢੀ ਸਮੇਤ ਐਮੇਚਰ ਸਾਫ਼ਟ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੇ ਸੁਦੇਸ਼ ਸਾਂਗਤੇ, ਐਨ.ਜੀ. ਵੇਗੜਾ, ਹੰਸਮੁਖ ਵੇਗੜਾ, ਅਨਿਕੇਤ ਖੋਦਾਦਰਾ, ਹਰਸ਼ਾਂਗ ਖੋਦਾਦਰਾ ਅਤੇ ਡਾ. ਪ੍ਰਦੀਪ ਕੁਮਾਰ ਸਿੰਘ ਦੀ ਦੇਖ-ਰੇਖ ਹੇਠ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ | ਚੈਂਪੀਅਨਸ਼ਿਪ ਦੌਰਾਨ ਹਰ ਰੋਜ਼ ਇਕਲ ਯੁਗਲ ਅਤੇ ਮਿਸ਼ਰਤ ਯੁਗਲ ਵਰਗਾਂ ਵਿਚ ਮੁਕਾਬਲੇ ਕਰਵਾਏ ਜਾਣਗੇ | ਹਰ ਦਿਨ ਦੇ ਜੇਤੂਆਂ ਨੂੰ ਤਮਗੇ, ਸਰਟੀਫਿਕੇਟ ਅਤੇ ਹੋਰ ਇਨਾਮ ਦਿੱਤੇ ਜਾਣਗੇ | ਇਸ ਤੋਂ ਇਲਾਵਾ ਖਿਡਾਰੀਆਂ ਲਈ ਖ਼ਾਸ ਅਭਿਆਸ ਸੈਸ਼ਨ ਅਤੇ ਤਕਨੀਕੀ ਕਲੀਨਿਕ ਵੀ ਕਰਵਾਏ ਜਾਣਗੇ, ਤਾਂ ਜੋ ਉਹ ਖੇਡ ਵਿਚ ਆ ਰਹੀਆਂ ਨਵੀਆਂ ਤਬਦੀਲੀਆਂ ਬਾਰੇ ਜਾਣੂ ਹੋ ਸਕਣ | ਇਸ ਚੈਂਪੀਅਨਸ਼ਿਪ ਵਿਚ 50 ਤੋਂ ਵੱਧ ਅੰਤਰਰਾਸ਼ਟਰੀ ਖਿਡਾਰੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੇ | ਇਨ੍ਹਾਂ ਵਿਚ 6 ਵਿਸ਼ਵ ਚੈਂਪੀਅਨਸ਼ਿਪ, 6 ਏਸ਼ੀਆਈ ਚੈਂਪੀਅਨਸ਼ਿਪ, 4 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ, ਇਕ ਏਸ਼ੀਆਈ ਜੂਨੀਅਰ, ਇਕ ਏਸ਼ੀਆਈ ਯੂਨੀਵਰਸਿਟੀ ਚੈਂਪੀਅਨਸ਼ਿਪ ਅਤੇ ਇਕ ਦੱਖਣੀ ਏਸ਼ੀਆਈ ਚੈਂਪੀਅਨਸ਼ਿਪ ਭਾਗੀਦਾਰ ਵੀ ਆਪਣਾ ਜੌਹਰ ਦਿਖਾਉਣਗੇ |