ਲੁਧਿਆਣਾ, 3 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਮਾਲਪੁਰ ਦੀ ਗੋਬਿੰਦ ਕਲੋਨੀ ਵਿਚ ਅੱਜ ਇੱਕ ਉਸਾਰੀ ਅਧੀਨ ਇਮਾਰਤ ਵਿਚ ਲੈਂਟਰ ਪਾਉਣ ਸਮੇਂ ਉੱਥੇ ਮੌਜੂਦ ਮਜ਼ਦੂਰਾਂ ਨੂੰ ਕਰੰਟ ਲੱਗ ਗਿਆ, ਜਿਸ ਦੇ ਸਿੱਟੇ ਵਜੋਂ ਇਕ ਔਰਤ ਸਮੇਤ ਤਿੰਨ ਮਜ਼ਦੂਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ | ਜਾਣਕਾਰੀ ਅਨੁਸਾਰ ਘਟਨਾ ਦੇਰ ਸ਼ਾਮ ਉਸ ਵਕਤ ਵਾਪਰੀ ਜਦੋਂ ਇਸ ਇਮਾਰਤ ਵਿਚ ਮਜ਼ਦੂਰ ਲੈਂਟਰ ਪਾਉਣ ਲਈ ਸ਼ਟਰਿੰਗ ਕਰ ਰਹੇ ਸਨ | ਸ਼ਟਰਿੰਗ ਦੀ ਇੱਕ ਪਾਈਪ ਉੱਥੇ ਨੇੜੇ ਜਾ ਰਹੀ ਹਾਈਟੈਂਸ਼ਨ ਤਾਰ ਨਾਲ ਟਕਰਾ ਗਈ, ਜਿਸ ਨਾਲ ਉੱਥੇ ਜੋਰਦਾਰ ਧਮਾਕਾ ਹੋਇਆ ਅਤੇ ਇਹ ਮਜ਼ਦੂਰ ਤੀਜੀ ਮੰਜ਼ਿਲ ਤੋਂ ਹੇਠਾਂ ਡਿਗ ਪਏ | ਗੰਭੀਰ ਹਾਲਤ ਵਿਚ ਇਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਸ ਵਿੱਚ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ | ਇਸ ਘਟਨਾ ਕਾਰਨ ਇਲਾਕੇ ਦੇ ਕੁਝ ਘਰਾਂ ਦੇ ਏਸੀ ਫਰਿਜ ਅਤੇ ਹੋਰ ਬਿਜਲੀ ਦੇ ਉਪਕਰਨ ਸੜ ਗਏ | ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ | ਸੂਚਨਾ ਮਿਲਦਿਆਂ ਬਿਜਲੀ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ |