ਹੰਬੜਾਂ, 6 ਫਰਵਰੀ (ਮੇਜਰ ਹੰਬੜਾਂ)-ਅੱਜ ਦੂਸਰੇ ਦਿਨ ਵੀ ਲੁਧਿਆਣਾ ਨੇੜਲੇ ਪਿੰਡ ਖਹਿਰਾ ਬੇਟ ਵਿਖੇ ਸਤਲੁਜ ਦਰਿਆ 'ਚ ਜ਼ਬਰੀ ਮਾਈਨਿੰਗ ਨੂੰ ਲੈ ਕੇ ਧਰਨਾਕਾਰੀ ਅਤੇ ਪੁਲਿਸ ਪ੍ਰਸ਼ਾਸਨ ਆਹਮੋ ਸਾਹਮਣੇ ਰਹੇ ਤੇ ਸਥਿਤੀ ਤਣਾਅਪੂਰਨ ਬਣੀ ਰਹੀ | ਰੇਤ ਮਾਫੀਏ ਵਲੋਂ ਮਾਈਨਿੰਗ ਵਾਲੀ ਜਗ੍ਹਾ ਤੋਂ ਮਸ਼ੀਨਰੀ ਨਾ ਹਟਾਏ ਜਾਣ ਕਰਕੇ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਖਹਿਰਾ ਬੇਟ ਬੰਨ੍ਹ ਉੱਪਰ ਹੀ ਪੱਕਾ ਧਰਨਾ ਲਗਾ ਦਿੱਤਾ ਗਿਆ ਹੈ | ਧਰਨੇ ਵਿਚ ਜਿੱਥੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਵਲੋਂ ਸ਼ਮੂਲੀਅਤ ਕੀਤੀ ਉੱਥੇ ਪਿੰਡ ਖਹਿਰਾ ਬੇਟ ਵਾਸੀਆਂ ਸਮੇਤ ਬੀਬੀਆਂ ਵਲੋਂ ਵੱਡੀ ਗਿਣਤੀ 'ਚ ਹਾਜ਼ਰੀ ਭਰੀ, ਜਿਸ ਕਾਰਨ ਇਕ ਵਾਰ ਪ੍ਰਸ਼ਾਸ਼ਨ ਨੂੰ ਪਿੱਛੇ ਹਟਣਾ ਪਿਆ | ਧਰਨੇ ਦੀ ਅਗਵਾਈ ਸਾਬਕਾ ਸਰਪੰਚ ਨੌਜਵਾਨ ਆਗੂ ਹਰਦੀਪ ਸਿੰਘ ਲੱਕੀ ਖਹਿਰਾ ਰਹੇ ਸਨ ਤੇ ਉਨ੍ਹਾਂ ਵਲੋਂ ਆਪਣੇ ਸਾਥੀਆਂ ਸਮੇਤ ਧਰਨੇ ਵਿਚ ਰੇਤ ਮਾਫੀਏ ਅਤੇ ਪ੍ਰਸ਼ਾਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਤੇ ਕਿਸੇ ਵੀ ਹਲਾਤ 'ਚ ਧਰਨਾ ਨਾ ਚੁੱਕੇ ਜਾਣ ਲਈ ਅੜੇ੍ਹ ਹੋਏ ਸਨ | ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਰਵਿੰਦਰਪਾਲ ਸਿੰਘ ਰਾਜੂ, ਸਾਬਕਾ ਸਰਪੰਚ ਐਡਵੋਕੇਟ ਗੁਰਦੇਵ ਸਿੰਘ ਨੂਰਪੁਰ ਬੇਟ, ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ, ਕਰਤਾਰ ਸਿੰਘ ਖਹਿਰਾ, ਨੰਬਰਦਾਰ ਨਰਿੰਦਰ ਸਿੰਘ ਕਾਲੀ, ਬੀਕੇਯੂ ਡਕੌਂਦਾ ਦੇ ਆਗੂ ਇੰਦਰਜੀਤ ਸਿੰਘ ਗੋਰਸੀਆਂ ਖਾਨ ਮਹੁੰਮਦ ਨੇ ਕਿਹਾ ਕਿ ਅਸੀਂ ਪਿੰਡ ਖਹਿਰਾ ਬੇਟ ਤੇ ਨਾਲ ਲੱਗਦੇ ਪਿੰਡਾਂ ਨੂੰ ਡੁੱਬਣ ਤੋਂ ਬਚਾਉਣ ਲਈ ਧਰਨਾਂ ਲਗਾਕੇ ਬੈਠੇ ਹਾਂ ਕਿਉਂਕਿ ਜੇਕਰ ਇੱਥੇ ਮਾਈਨਿੰਗ ਹੁੰਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਸਾਨੂੰ ਹੜ੍ਹਾਂ ਵਰਗੇ ਹਲਾਤਾਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਲਈ ਅਸੀਂ ਕਿਸੇ ਵੀ ਕੀਮਤ 'ਤੇ ਇੱਥੇ ਮਾਈਨਿੰਗ ਨਹੀਂ ਹੋਣ ਦੇਵਾਂਗੇ | ਪਿੰਡ ਖਹਿਰਾ ਬੇਟ, ਨੂਰਪੁਰ ਬੇਟ, ਬੁਰਜ ਲਾਂਬੜਾ, ਬੁਰਜ ਮਾਨ ਕੌਰ, ਰਜਾਪੁਰ, ਕਸਬਾ ਹੰਬੜਾਂ ਤੇ ਹੋਰ ਵੱਖ ਵੱਖ ਪਿੰਡਾਂ ਦੇ ਲੋਕਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਖੋਸਾ ਜਥੇਬੰਦੀ ਵਲੋਂ ਧਰਨਾਂ ਲਗਾਕੇ ਰੇਤ ਮਾਫੀਏ ਅਤੇ ਪ੍ਰਸ਼ਾਸ਼ਨ ਵਿਰੱਧ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਤੇ ਜਿੰਨ੍ਹਾਂ ਸਮਾਂ ਮਾਈਨਿੰਗ ਪੱਕੇ ਤੌਰ 'ਤੇ ਬੰਦ ਨਹੀਂ ਹੁੰਦੀ ਇਹ ਧਰਨਾ ਜਾਰੀ ਰਹੇਗਾ | ਇਸ ਮੌਕੇ ਸਾਬਕਾ ਪੰਚ ਜਸਵਿੰਦਰ ਸਿੰਘ ਕਾਲਾ, ਜਰਨੈਲ ਸਿੰਘ ਮੀਤ ਪ੍ਰਧਾਨ, ਖੇਤੀਬਾੜੀ ਸਭਾ ਖਹਿਰਾ ਬੇਟ ਦੇ ਪ੍ਰਧਾਨ ਚਰਨਜੀਤ ਸਿੰਘ, ਹਰਜੀਤ ਸਿੰਘ ਖਹਿਰਾ, ਪੰਚਾਇਤ ਮੈਂਬਰ ਗੁਰਦੀਪ ਸਿੰਘ ਖਹਿਰਾ, ਡਾ: ਪੂਰਨ ਸਿੰਘ ਖਹਿਰਾ, ਪੰਚ ਮਨਜਿੰਦਰ ਸਿੰਘ, ਪੰਚ ਰੁਪਿੰਦਰਪਾਲ ਸਿੰਘ, ਦਰਸ਼ਨ ਸਿੰਘ, ਜੁਗਰਾਜ ਸਿੰਘ, ਜੋਬਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਮੋਹਣ ਸਿੰਘ, ਮਲਕੀਤ ਸਿੰਘ ਸਮੇਤ ਹੋਰ ਜਥੇਬੰਦੀਆਂ ਦੇ ਆਗੂ ਤੇ ਪਿੰਡ ਤੇ ਇਲਾਕੇ ਦੇ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ |