ਲੁਧਿਆਣਾ, 22 ਫਰਵਰੀ (ਜਤਿੰਦਰ ਭੰਬੀ)-ਆਰੀਆ ਕਾਲਜ ਗਰਲਜ਼ ਸੈਕਸ਼ਨ ਵਲੋਂ ਵੱਖ-ਵੱਖ ਥਾਵਾਂ 'ਤੇ ਇਕ ਰੋਜ਼ਾ ਦੌਰਾ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਮਨਾਂ ਨੂੰ ਤਾਜ਼ਾ ਕਰਨ ਲਈ ਉਤਸ਼ਾਹ ਨਾਲ ਹਿੱਸਾ ਲਿਆ | ਵਿਦਿਆਰਥੀਆਂ ਨੇ ਮਨਸਾ ਦੇਵੀ, ਪਿੰਜੌਰ ਗਾਰਡਨ ਅਤੇ ਚੌਕੀਧਾਨੀ ਦਾ ਦੌਰਾ ਕਰਕੇ ਪੂਰਾ ਆਨੰਦ ਮਾਣਿਆ ਅਤੇ ਇਹ ਅਨੁਭਵ ਯਾਦਗਾਰੀ ਰਿਹਾ | ਏ.ਸੀ.ਐਮ.ਸੀ. ਦੇ ਸਕੱਤਰ ਡਾ. ਐਸ.ਐਮ. ਸ਼ਰਮਾ ਨੇ ਵਿਦਿਆਰਥੀਆਂ ਲਈ ਅਜਿਹੀ ਰੋਮਾਂਚਕ ਯਾਤਰਾ ਦੇ ਆਯੋਜਨ ਵਿਚ ਕਾਲਜ ਦੇ ਯਤਨਾਂ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਅਜਿਹੀਆਂ ਯਾਤਰਾਵਾਂ ਵਿਦਿਆਰਥੀਆਂ ਨੂੰ ਤਾਜ਼ਗੀ ਦਿੰਦੀਆਂ ਹਨ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਦੀਆਂ ਹਨ | ਇੰਚਾਰਜ ਡਾ. ਮਮਤਾ ਕੋਹਲੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਵੈ-ਵਿਸ਼ਵਾਸ ਅਤੇ ਸ਼ਖ਼ਸੀਅਤ ਨੂੰ ਬਿਹਤਰ ਬਣਾਉਣ ਲਈ ਭਵਿੱਖ ਵਿਚ ਵੀ ਅਜਿਹੇ ਯਤਨ ਜਾਰੀ ਰਹਿਣਗੇ | ਯਾਤਰਾ ਦਾ ਸੰਚਾਲਨ ਡਾ. ਰਜਨੀ ਬਾਲਾ, ਸ਼੍ਰੀਮਤੀ ਸਰਿਤਾ ਅਤੇ ਸ਼੍ਰੀਮਤੀ ਅੰਗੀਤਾ ਦੁਆਰਾ ਕੀਤਾ ਗਿਆ |