ਲੁਧਿਆਣਾ, 2 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਤੋਂ ਬਾਅਦ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਗੁੱਸਾ ਸੜਕਾਂ 'ਤੇ ਫੁੱਟ ਪਿਆ | ਵਿਧਾਨ ਸਭਾ ਹਲਕਾ ਪੂਰਬੀ ਅਤੇ ਵੈਸਟ ਦੋਵੇਂ ਖੇਤਰਾਂ ਵਿਚ ਭਾਜਪਾ ਵਰਕਰਾਂ ਨੇ ਅੱਤਵਾਦ ਦਾ ਪੁਤਲਾ ਫੂਕ ਕੇ ਤਿੱਖਾ ਰੋਸ ਪ੍ਰਗਟਾਇਆ ਅਤੇ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਇਕਜੁੱਟਤਾ ਦਾ ਸੰਦੇਸ਼ ਦਿੱਤਾ | ਸਭ ਤੋਂ ਪਹਿਲਾਂ ਪੱਛਮੀ ਵਿਧਾਨਸਭਾ ਹਲਕੇ ਵਿਚ ਭਾਜਪਾ ਆਗੂਆਂ ਨੇ ਹਲਕੇ ਦੇ ਪ੍ਰਭਾਰੀ ਅਤੇ ਜ਼ਿਲ੍ਹਾ ਭਾਜਪਾ ਦੇ ਮੀਤ ਪ੍ਰਧਾਨ ਮੁਨੀਸ਼ ਚੋਪੜਾ ਲੱਕੀ ਦੀ ਅਗਵਾਈ ਹੇਠ ਅੱਤਵਾਦ ਦਾ ਪੁਤਲਾ ਫੂਕਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜਾਬ ਭਾਜਪਾ ਦੇ ਕਾਰਜਕਾਰੀ ਮੈਂਬਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਦੇਸ਼ ਵਿਚ ਅੱਤਵਾਦ ਲਈ ਕੋਈ ਥਾਂ ਨਹੀਂ ਹੈ ਅਤੇ ਭਾਰਤੀ ਜਨਤਾ ਪਾਰਟੀ ਹਰ ਕਿਸਮ ਦੀ ਅੱਤਵਾਦੀ ਅਤੇ ਦੇਸ਼ ਵਿਰੋਧੀ ਗਤੀਵਿਧੀ ਦਾ ਡਟ ਕੇ ਵਿਰੋਧ ਕਰਦੀ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਦੇ ਬਾਹਰ ਹੋਇਆ ਧਮਾਕਾ ਨਿੰਦਣਯੋਗ ਹੈ ਅਤੇ ਅਜਿਹੀਆਂ ਮਾੜੀਆਂ ਹਰਕਤਾਂ ਨੰੂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਸੀਨੀਅਰ ਭਾਜਪਾ ਆਗੂ ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਨੇ ਅੱਤਵਾਦ ਦਾ ਕਾਲਾ ਦੌਰ ਪਹਿਲਾਂ ਹੀ ਦੇਖਿਆ ਹੈ | ਇਸ ਲਈ ਹੁਣ ਸੂਬੇ ਦੀ ਸ਼ਾਂਤੀ ਤੇ ਭਾਈਚਾਰਕ ਸਾਂਝ ਨੰੂ ਖਰਾਬ ਕਰਨ ਵਾਲੀਆਂ ਤਾਕਤਾਂ ਨੰੂ ਕਿਸੇ ਵੀ ਹਾਲਤ ਵਿਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਲੋਕਤੰਤਰ ਦੀ ਰਾਖੀ ਲਈ ਹਰ ਮੋਰਚੇ 'ਤੇ ਡਟ ਕੇ ਖੜ੍ਹੀ ਹੈ | ਇਸ ਤੋਂ ਬਾਅਦ ਹਲਕਾ ਵਿਧਾਨਸਭਾ ਪੂਰਬੀ ਵਿਚ ਵੀ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਸਤੀ ਜੋਧੇਵਾਲ ਵਿਖੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਜਤਿੰਦਰ ਮਿੱਤਲ ਦੀ ਅਗਵਾਈ ਹੇਠ ਅੱਤਵਾਦ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ | ਭਾਜਪਾ ਆਗੂਆਂ ਨੇ ਇਕ ਸੁਰ ਵਿਚ ਕਿਹਾ ਕਿ ਪੰਜਾਬ ਦੇ ਲੋਕ ਅੱਤਵਾਦ ਨੰੂ ਮੁੜ ਸਿਰ ਚੁੱਕਣ ਨਹੀਂ ਦੇਣਗੇ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ | ਭਾਜਪਾ ਆਗੂ ਜਤਿੰਦਰ ਮਿੱਤਲ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੇ ਲਗਾਤਾਰ ਵੱਧ ਰਹੇ ਆਧਾਰ ਤੋਂ ਬੌਖਲਾਈਆਂ ਵੱਖਵਾਦੀ ਤਾਕਤਾਂ ਅਜਿਹੀਆਂ ਘਟਨਾਵਾਂ ਰਾਹੀਂ ਡਰ ਦਾ ਮਾਹੌਲ ਬਣਾਉਣਾ ਚਾਹੁੰਦੀਆਂ ਹਨ, ਪਰ ਭਾਜਪਾ ਬੰਬ ਧਮਾਕਿਆਂ ਜਾ ਧਮਕੀਆਂ ਨਾਲ ਪਿੱਛੇ ਹਟਣ ਵਾਲੀ ਨਹੀਂ | ਇਸ ਮੌਕੇ ਪਿ੍ੰਸ ਭੰਡਾਰੀ, ਰਾਜਨ ਸ਼ਰਮਾ, ਯੋਗੇਸ਼ ਸ਼ਰਮਾ, ਰਾਜੇਸ਼ ਟੀਨਾ, ਆਸ਼ੀਸ਼ ਗੁਪਤਾ, ਐਡਵੋਕੇਟ ਰਾਜੇਸ਼ ਕਸ਼ਯਪ, ਅਤੁਲ ਗੁਪਤਾ, ਕੌਂਸਲਰ ਰੁਚੀ ਗੁਲਾਟੀ, ਅੰਕਿਤ ਸ਼ਰਮਾ, ਦਿਨੇਸ਼ ਗੁਪਤਾ, ਸੁਮਿਤ ਟੰਡਨ, ਜਤਿੰਦਰ ਵਰਮਾ, ਸੁਰੇਸ਼ ਮਿਗਲਾਨੀ, ਪ੍ਰਵੀਨ ਚੋਪੜਾ, ਮਨੀਸ਼ ਕੁਮਾਰ, ਰਾਜੇਸ਼ ਸੇਜਲ, ਡਾ. ਸਤੀਸ਼ ਕੁਮਾਰ ਤੇ ਹੋਰ ਮੌਜੂਦ ਸਨ |