ਫੁੱਲਾਂਵਾਲ, 2 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ ਜਸਟਿਸ ਗੁਰਨਾਮ ਸਿੰਘ ਮਾਰਗ ਸਥਿਤ ਸੈਕਟਰ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਉਲੀਕੇ ਗਏ ਧਾਰਮਿਕ ਸਮਾਗਮ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਸਕੂਲ ਦੀ ਚੜਦੀ ਕਲਾ ਅਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਅਰਦਾਸ ਕਰਨ ਉਪਰੰਤ ਹੋਈ | ਜਿਸ ਦੌਰਾਨ ਵਿਦਿਆਰਥੀਆਂ ਵਲੋਂ ਸੁਖਮਨੀ ਸਾਹਿਬ ਦੇ ਪਾਠ ਦਾ ਉਚਾਰਨ ਕਰਨ ਤੋਂ ਬਾਅਦ ਇਲਾਹੀ ਬਾਣੀ ਦਾ ਰਸਭਿੰਨਾ ਸ਼ਬਦ ਕੀਰਤਨ ਵੀ ਕੀਤਾ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ, ਡਾਇਰੈਕਟਰ ਸੁਖਦੀਪ ਗਿੱਲ, ਪਿ੍ੰਸੀਪਲ ਵੰਦਨਾ ਵਲੋਂ ਸਕੂਲ ਅਧਿਆਪਕਾਂ ਅਤੇ ਸਮੂਹ ਕਰਮਚਾਰੀਆਂ ਸਮੇਤ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਨੂੰ 'ਜੀ ਆਇਆ' ਕਹਿੰਦੇ ਹੋਏ ਨਵੇਂ ਅਕਾਦਮਿਕ ਸੈਸ਼ਨ ਦੀ ਸਫਲਤਾ ਅਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ |