ਲੁਧਿਆਣਾ, 4 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਭਦੌੜ ਹਾਊਸ ਵਿਚ ਗੈਰਕਾਨੰੂਨੀ ਤਰੀਕੇ ਨਾਲ ਬਣੇ ਹੋਟਲਾਂ ਦਾ ਮਾਮਲਾ ਹੁਣ ਗੰਭੀਰ ਰੂਪ ਧਾਰਦਾ ਜਾ ਰਿਹਾ ਹੈ | ਇਕ ਪਾਸੇ ਨਗਰ ਨਿਗਮ ਵਲੋਂ 17 ਹੋਟਲਾਂ ਦੇ ਨਾਨ-ਕੰਪਾਊਾਡ ਹਿੱਸਿਆ ਨੰੂ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਹੈ, ਜਦਕਿ ਦੂਜੇ ਪਾਸੇ ਕੁੱਝ ਹੋਟਲਾਂ ਵਲੋਂ ਸ਼ਰੇ੍ਹਆਮ ਨਿਯਮਾਂ ਦੀ ਉਲੰਘਣਾ ਜਾਰੀ ਹੈ ਅਤੇ ਅਧਿਕਾਰੀਆਂ 'ਤੇ ਇਸ ਮਾਮਲੇ ਨੰੂ ਦਬਾਉਣ ਦੇ ਦੋਸ਼ ਲੱਗ ਰਹੇ ਹਨ | ਜਾਣਕਾਰੀ ਮੁਤਾਬਿਕ ਭਦੌੜ ਹਾਊਸ ਵਿਚ ਐਸ.ਸੀ.ਓਜ 'ਤੇ ਬਣੇ ਹੋਟਲ ਬਿਲਡਿੰਗ ਬਾਇਲਾਜ ਦੀ ਉਲੰਘਣਾ ਕਰਕੇ ਤਿਆਰ ਕੀਤੇ ਗਏ ਹਨ | ਖਾਸ ਕਰਕੇ ਨੰਦਾ ਹੋਟਲ ਲਗਭਗ 25 ਫੁੱਟ ਲੰਬੇ ਅਤੇ 8 ਫੁੱਟ ਚੌੜੇ ਸਰਕਾਰੀ ਪੈਸੇਜ 'ਤੇ ਕਬਜ਼ਾ ਕਰਕੇ ਉਸ ਨੰੂ ਆਪਣੇ ਹਿੱਸੇ ਵਿਚ ਸ਼ਾਮਿਲ ਕਰ ਲਿਆ ਗਿਆ ਹੈ, ਜੋ ਕਿ ਆਮ ਜਨਤਾ ਲਈ ਰੱਖਿਆ ਜਾਣਾ ਚਾਹੀਦਾ ਸੀ | ਹੈਰਾਨੀ ਦੀ ਗੱਲ ਹੈ ਕਿ ਇਸ ਸਬੰਧੀ ਪਹਿਲਾਂ ਨੋਟਿਸ ਜਾਰੀ ਹੋਣ ਦੇ ਬਾਵਜੂਦ ਵੀ ਕੋਈ ਢੁਕਵੀਂ ਦੀ ਕਾਰਵਾਈ ਨਹੀਂ ਹੋਈ | ਇਸ ਤੋਂ ਇਲਾਵਾ ਸਿਟੀ ਹਾਰਟ ਹੋਟਲ ਨੰੂ ਵੀ ਗੈਰਕਾਨੰੂਨੀ ਤਰੀਕੇ ਨਾਲ ਕਮਰਸ਼ੀਅਲ ਕੰਪਲੈਕਸ ਵਿਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਕਈ ਦੁਕਾਨਾਂ ਬਣਾ ਕੇ ਵੇਚੀਆਂ ਗਈਆਂ | ਇਸ ਪੂਰੇ ਮਾਮਲੇ 'ਚ ਨਗਰ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਟੈਕਸ ਚੋਰੀ ਅਤੇ ਵੱਡੇ ਘੋਟਾਲੇ ਦੇ ਦੋਸ਼ ਸਾਹਮਣੇ ਆ ਰਹੇ ਹਨ | ਇਹ ਵੀ ਸਾਹਮਣੇ ਆਇਆ ਹੈ ਕਿ ਭਦੌੜ ਹਾਊਸ ਮਾਰਕੀਟ ਪਹਿਲਾਂ ਇੰਪਰੂਵਮੈਂਟ ਟਰੱਸਟ ਵਲੋਂ ਵਿਕਸਿਤ ਕੀਤੀ ਗਈ ਸੀ, ਜਿਸ ਨੰੂ ਬਾਅਦ ਵਿਚ ਨਗਰ ਨਿਗਮ ਨੰੂ ਸੌਂਪ ਦਿੱਤਾ ਗਿਆ | ਇਸ ਤੋਂ ਬਾਅਦ ਇੱਥੇ ਬਿਨਾਂ ਰੋਕ ਟੋਕ ਗੈਰਕਾਨੂੰਨੀ ਉਸਾਰੀਆਂ ਹੋਣ ਲੱਗੀਆਂ | ਹਾਲਾਂਕਿ ਵੱਡਾ ਸਵਾਲ ਇਹ ਹੈ ਕਿ ਸਾਲਾਂ ਤੋਂ ਚੱਲ ਰਹੀਆਂ ਇਹ ਗੈਰਕਾਨੰੂਨੀ ਗਤੀਵਿਧੀਆਂ 'ਤੇ ਅਜੇ ਤੱਕ ਪੱਕੀ ਕਾਰਵਾਈ ਕਿਉਂ ਨਹੀਂ ਹੋਈ? ਕੀ ਹੁਣ ਇਹ ਮਾਮਲਾ ਫਿਰ ਦਬਾ ਦਿੱਤਾ ਜਾਵੇਗਾ? ਜਦ ਇਸ ਸੰਬੰਧੀ ਏੇ.ਟੀ.ਪੀ. ਕਪਿਲ ਦੇਵ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨਾਂ ਨਾਲ ਸੰਪਰਕ ਨਹੀਂ ਹੋ ਸਕਿਆ |