ਲੁਧਿਆਣਾ, 8 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਚੜਦੀ ਕਲਾ ਗਤਕਾ ਅਕੈਡਮੀ ਅਤੇ ਗੁਰੂ ਤੇਗ ਬਹਾਦਰ ਸੇਵਾ ਸੋਸਾਇਟੀ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਅਤੇ 7ਵਾਂ ਗਤਕਾ ਕੱਪ ਕਰਵਾਇਆ ਗਿਆ, ਜਿਸ ਵਿਚ ਸੀਨੀਅਰ ਯੂਥ ਅਕਾਲੀ ਆਗੂ ਜਸਦੀਪ ਸਿੰਘ ਕਾਉਂਕੇ ਸਾਥੀਆਂ ਸਮੇਤ ਪੁੱਜੇ | ਸਮਾਗਮ ਦੀ ਸ਼ਲਾਘਾ ਕਰਦਿਆਂ ਸ. ਕਾਉਂਕੇ ਨੇ ਕਿਹਾ ਚੜਦੀ ਕਲਾ ਗਤਕਾ ਅਕੈਡਮੀ ਅਤੇ ਗੁਰੂ ਤੇਗ ਬਹਾਦਰ ਸੇਵਾ ਸੋਸਾਇਟੀ ਕਈ ਸਾਲਾਂ ਤੋਂ ਅਜਿਹੇ ਚੰਗੇ ਧਾਰਮਿਕ ਕਾਰਜ ਕਰਦੀ ਆ ਰਹੀ ਹੈ ਜਿਸ ਨਾਲ ਸਿੱਖੀ ਦੇ ਨਾਲ ਨਾਲ ਸਾਡੀ ਮਾਰਸ਼ਲ ਖੇਡ ਗਤਕਾ ਵੀ ਲੋਕਾਂ 'ਚ ਜਾਂਦੀ ਹੈ | ਉਨਾਂ ਅਜਿਹੀਆਂ ਸੰਸਥਾਵਾਂ ਦਾ ਜ਼ਿਆਦਾ ਤੋਂ ਜ਼ਿਆਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੰਗਤਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਾਉਣ ਲਈ ਅਜਿਹੇ ਸਮਾਗਮਾਂ ਨੂੰ ਜ਼ਿਆਦਾ ਕਰਵਾਉਣ ਦੀ ਜ਼ਰੂਰਤ ਹੈ | ਉਨਾਂ ਦੱਸਿਆ ਕਿ ਛੋਟੇ ਬੱਚਿਆਂ ਵਲੋਂ ਦਿਖਾਏ ਗਤਕੇ ਦੇ ਜੌਹਰ ਖਾਲਸਾ ਪੰਥ ਦੀ ਤਸਵੀਰ ਪੇਸ਼ ਕਰਦੇ ਹੋਏ ਹਰ ਹਾਜ਼ਰ ਵਿਆਕਤੀ 'ਚ ਯੋਧਿਆਂ ਵਾਲੀ ਰੂਹ ਫੂਕ ਰਹੇ ਸਨ | ਇਸ ਮੌਕੇ ਸਰਦਾਰ ਰਾਮ ਸਿੰਘ, ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਜੀ.ਟੀ.ਬੀ. ਨਗਰ, ਰਣਜੀਤ ਸਿੰਘ, ਪ੍ਰਭਜੋਤ ਸਿੰਘ, ਸੁੱਖਾ ਸਿੰਘ, ਅਜੀਤ ਸਿੰਘ ਡਿਪਟੀ, ਸਰਦਾਰ ਰਣਬੀਰ ਸਿੰਘ, ਜਸਪ੍ਰੀਤ ਸਿੰਘ ਦੁਆ, ਹਰਮਨਜੋਤ ਸਿੰਘ, ਸਤਿੰਦਰ ਪਾਲ ਸਿੰਘ, ਅਮਨਦੀਪ ਸਿੰਘ ਕੋਹਲੀ, ਜਸਵਿੰਦਰ ਸਿੰਘ ਸੈਣੀਪੁਰੀ ਆਦਿ ਹਾਜ਼ਰ ਸਨ |