ਲੁਧਿਆਣਾ, 8 ਅਪੈ੍ਰਲ (ਜਤਿੰਦਰ ਭੰਬੀ)-ਗਰਿੱਡ ਮੈਂਟੀਨੈਂਸ ਸੰਘਰਸ਼ ਕਮੇਟੀ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਮਿਤੀ 10 ਅਪੈ੍ਰਲ ਤੋਂ ਸ਼ੁਰੂ ਹੋ ਰਹੇ 'ਵਰਕ ਟੂ ਰੂਲ' ਦੇ ਸੱਦੇ ਨੂੰ ਪੂਰਨ ਤੌਰ 'ਤੇ ਲਾਗੂ ਕਰਨ ਲਈ ਕਰਮਚਾਰੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਗਈ | ਇਸ ਮੌਕੇ ਕਰਮਚਾਰੀਆਂ ਨੇ ਪੂਰੀ ਤਨਦੇਹੀ ਨਾਲ ਵਰਕ ਟੂ ਰੁਲ ਨੂੰ ਲਾਗੂ ਕਰਨ ਦਾ ਸਮਰਥਨ ਕੀਤਾ | ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਇਸ ਸਮੇਂ ਦੌਰਾਨ ਆਰ.ਟੀ.ਐਮ. ਕੇਵਲ ਆਪਣੀ ਬਣਦੀ ਡਿਊਟੀ ਕਰਨਗੇ, ਕੋਈ ਵੀ ਕਰਮਚਾਰੀ ਆਪਣੀ ਰੈਸਟ ਦੇ ਦਿਨ ਵਿਚ ਬਦਲਾਅ ਨਹੀਂ ਕਰੇਗਾ,ਕੋਈ ਕਰਮਚਾਰੀ ਕਿਸੇ ਦੂਸਰੇ ਸਟੇਸ਼ਨ ਵਿਖੇ ਡਿਊਟੀ ਕਰਨ ਲਈ ਨਹੀਂ ਜਾਵੇਗਾ,ਅਗਲੇ ਹਫ਼ਤੇ ਮੰਡਲ ਪੱਧਰ 'ਤੇ ਇਕ ਸਾਂਝਾ ਧਰਨਾ ਦਿੱਤਾ ਜਾਵੇਗਾ ਜਿਸ ਵਿਚ ਹਰ ਗਰਿੱਡ ਤੋਂ ਘਟੋਂ ਘੱਟ1 ਸਾਥੀ ਧਰਨੇ ਵਿਚ ਹਾਜ਼ਰ ਹੋਵੇਗਾ | ਧਰਨੇ ਦੀ ਮਿਤੀ ਜਲਦੀ ਹੀ ਦਸੀ ਜਾਵੇਗੀ, ਕਿਸੇ ਵੀ ਕਰਮਚਾਰੀ ਦੀ ਅਚਨਚੇਤ/ਮੈਡੀਕਲ ਜਾਂ ਕਮਾਈ ਛੁੱਟੀ ਦੌਰਾਨ ਦੂਜਾ ਕਰਮਚਾਰੀ ਵਾਧੂ ਡਿਊਟੀ ਨਹੀਂ ਦੇਵੇਗਾ | ਉਨਾਂ ਕਿਹਾ ਕਿ ਇਸ ਦੌਰਾਨ ਜੇਕਰ ਕਿਸੇ ਕਰਮਚਾਰੀ ਨੂੰ ਕੋਈ ਅਧਿਕਾਰੀ ਡਰਾਉਂਦਾ ਧਮਕਾਉਂਦਾ ਜਾਂ ਛੁੱਟੀ ਨਾ ਦੇਣ ਲਈ ਹੁਕਮ ਸੁਣਾਉਂਦਾ ਹੈ ਜਾਂ ਕੋਈ ਵਾਧੂ ਪ੍ਰੈਸ਼ਰ ਪਾਉਂਦਾ ਹੈ ਤਾਂ ਸੰਘਰਸ਼ ਕਮੇਟੀ ਦੇ ਨੁਮਾਇੰਦੇ ਉਸਦੀ ਸਹਾਇਤਾ ਲਈ ਸਬੰਧਿਤ ਅਧਿਕਾਰੀ ਨੂੰ ਮਿਲਣਗੇ ਅਤੇ ਮਸਲਾ ਹੱਲ ਕਰਾਉਣਗੇ |