31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦੁੱਧ ਕਾਰੋਬਾਰੀਆਂ ਲਈ ਲਾਇਸੰਸ ਲਾਜ਼ਮੀ ਕਰਨ ਨਾਲ ਨਕਲੀ ਦੁੱਧ ਦੇ ਕਾਰੋਬਾਰ 'ਚ ਪਵੇਗੀ ਕਿੰਨੀ ਕੁ ਠੱਲ੍ਹ? <br/>

Ad Position 21
No active advertisement
ਅਜੀਤ ਡੈਸਕ 11-04-2026
ਮਨਜੀਤ ਸਿੰਘ ਦੁੱਗਰੀ
ਫੁੱਲਾਂਵਾਲ, 10 ਅਪ੍ਰੈਲ-ਸਮਾਜ ਲਈ ਦੋ ਚਿੱਟੇ ਅਤਿ ਘਾਤਕ ਬਣ ਰਹੇ ਹਨ, ਜਿਨ੍ਹਾਂ ਵਿਚ ਇਕ ਹੈਰੋਇਨ/ਸਮੈਕ ਅਤੇ ਦੂਸਰਾ ਨਕਲੀ ਦੁੱਧ, ਜੋ ਸ਼ਰੇ੍ਹਆਮ ਧੜੱਲੇ ਨਾਲ ਵਿਕ ਰਿਹਾ ਹੈ | ਰੋਜ਼ ਲੱਖਾਂ ਲੀਟਰ ਦੁੱਧ ਲੋਕਾਂ ਦੇ ਘਰਾਂ ਵਿਚ ਸਪਲਾਈ ਕਰਕੇ ਕੈਂਸਰ ਤੇ ਹੋਰ ਖ਼ਤਰਨਾਕ ਬਿਮਾਰੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ | ਪੰਜਾਬ ਵਿਚ ਨਕਲੀ ਦੁੱਧ ਦੀ ਵਿੱਕਰੀ ਖ਼ਾਸ ਕਰਕੇ ਤਿਉਹਾਰਾਂ ਦੌਰਾਨ ਇਕ ਮਹੱਤਵਪੂਰਨ ਮੁੱਦਾ ਰਿਹਾ ਹੈ, ਜਿਸ ਦਾ ਸੇਵਨ ਕਰਨ ਨਾਲ ਪੇਟ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਸੱਦਾ ਦੇਣਾ ਹੈ | ਰਿਪੋਰਟਾਂ ਅਨੁਸਾਰ 30 ਫ਼ੀਸਦੀ ਤੱਕ ਦੁੱਧ ਅਤੇ ਇਸ ਤੋਂ ਤਿਆਰ ਹੋਣ ਵਾਲੇ ਉਤਪਾਦ ਨਕਲੀ ਹਨ, ਜਿਸ ਦਾ ਖ਼ੁਲਾਸਾ ਲੰਘੇ ਵਰ੍ਹੇ ਸੂਬੇ ਅੰਦਰ ਕੀਤੀਆਂ ਛਾਪੇਮਾਰੀਆਂ ਦੌਰਾਨ ਵੱਡੀਆਂ ਉਤਪਾਦਨ ਇਕਾਈਆਂ ਦੇ ਸਾਹਮਣੇ ਆਉਣ ਨਾਲ ਹੋਇਆ | ਇਸ ਤੋਂ ਇਲਾਵਾ ਪਿਛਲੇ ਦਿਨੀਂ ਭਾਰਤੀ ਫ਼ੌਜ ਵਲੋਂ ਗੁਣਵੱਤਾ ਵਿਚ ਕਮੀ ਪਾਏ ਜਾਣ 'ਤੇ ਪੰਜਾਬ ਦੇ ਮਿਲਕਫੈੱਡ (ਵੇਰਕਾ) ਦੇ ਸੁੱਕੇ ਦੁੱਧ ਦੇ ਦੋ ਬੈਚਾਂ ਦੇ ਰੱਦ ਕੀਤੇ ਆਰਡਰ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਦੁੱਧ ਵਿਚ ਮਿਲਾਵਟ ਵੱਡੇ ਪੱਧਰ 'ਤੇ ਹੋ ਰਹੀ ਹੈ | ਮਿਲਾਵਟੀ ਦੁੱਧ, ਜੋ ਅਕਸਰ ਯੂਰੀਆ, ਡਿਟਰਜੈਂਟ ਅਤੇ ਰਿਫਾਇੰਡ ਤੇਲ, ਕਾਸਟਿਕ ਸੋਢਾ, ਤਰਲ ਪੈਰਾਫਿਨ ਅਤੇ ਸਕਿਮਡ ਮਿਲਕ ਪਾਊਡਰ ਦੀ ਵਰਤੋਂ ਅਤੇ ਨਕਲੀ ਪਨੀਰ ਸਕਿਮਡ ਮਿਲਕ ਪਾਊਡਰ ਤੇ ਪਾਮ ਤੇਲ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ, ਜੋ ਮਨੁੱਖੀ ਜੀਵਨ ਲਈ ਅਤਿ ਘਾਤਕ ਹੈ | ਹੁਣ ਤਾਂ ਨਕਲੀ ਦੁੱਧ ਦਾ ਇਹ ਗੋਰਖ ਧੰਦਾ ਕਰਨ ਵਾਲੇ ਲੰਗਰਾਂ ਤੱਕ ਵੀ ਪਹੁੰਚ ਚੁੱਕੇ ਹਨ, ਜਿਸ ਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ ਲੁਧਿਆਣਾ ਦੇ ਇਕ ਪਿੰਡ ਵਾਸੀਆਂ ਵਲੋਂ ਲੰਗਰ ਲਈ ਲਿਆਂਦੇ ਦੁੱਧ ਦੇ ਗਰਮ ਕਰਨ 'ਤੇ ਰਬੜ ਵਰਗਾ ਹੋਣਾ ਮੀਡੀਆ ਦੀਆਂ ਸੁਰਖ਼ੀਆਂ ਬਣਿਆ ਰਿਹਾ | ਵੱਖ-ਵੱਖ ਸੂਬਿਆਂ 'ਚ ਮਿਲਾਵਟੀ ਦੁੱਧ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵਲੋਂ ਖਪਤਕਾਰਾਂ ਨੂੰ ਸੁਰੱਖਿਅਤ ਅਤੇ ਗੁਣਵੱਤਾ ਭਰਪੂਰ ਦੁੱਧ ਮੁਹੱਈਆ ਕਰਵਾਉਣ ਅਤੇ ਮਿਲਾਵਟੀ ਦੁੱਧ ਦੀ ਵਿੱਕਰੀ ਨੂੰ ਰੋਕਣ ਲਈ ਡੇਅਰੀ ਸੈਕਟਰ 'ਤੇ ਸਖ਼ਤੀ ਦਾ ਰੁੱਖ ਅਖ਼ਤਿਆਰ ਕਰਦਿਆਂ ਬਿਨਾਂ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਦੇ ਦੁੱਧ ਦਾ ਕਾਰੋਬਾਰ ਕਰਨ ਵਾਲੇ ਡੇਅਰੀ ਸੰਚਾਲਕਾਂ (ਮਿਲਕ ਪ੍ਰੋਡਿਊਸਰਾਂ) ਅਤੇ ਦੁੱਧ ਸਪਲਾਈ ਕਰਨ ਵਾਲਿਆਂ (ਦੋਧੀਆਂ) ਲਈ ਲਾਇਸੈਂਸ ਤੇ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਕਰ ਦਿੱਤੀ ਹੈ | ਜਿਹੜੇ ਡੇਅਰੀ ਸੰਚਾਲਕ ਜਾਂ ਦੁੱਧ ਵਿਕਰੇਤਾ ਕੋਆਪਰੇਟਿਵ ਸੁਸਾਇਟੀਆਂ ਦੇ ਮੈਂਬਰ ਹਨ ਅਤੇ ਆਪਣਾ ਸਾਰਾ ਦੁੱਧ ਉਨ੍ਹਾਂ ਨੂੰ ਹੀ ਸਪਲਾਈ ਕਰਦੇ ਹਨ, ਉਨ੍ਹਾਂ ਨੂੰ ਲਾਇਸੰਸ ਜਾਂ ਰਜਿਸਟ੍ਰੇਸ਼ਨ ਤੋਂ ਛੋਟ ਦਿੱਤੀ ਗਈ ਹੈ | ਇਸ ਤੋਂ ਇਲਾਵਾ ਸਾਰੇ ਛੋਟੇ-ਵੱਡੇ ਦੁੱਧ ਕਾਰੋਬਾਰੀਆਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਰਹੇਗੀ, ਪਰ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਹੋਣ ਕਰਕੇ ਕੁੱਝ ਨਿੱਜ ਸਵਾਰਥੀ ਲੋਕ ਸੜਕਾਂ ਕਿਨਾਰੇ ਕੱਚੇ ਅੱਡੇ ਲਗਾ ਕੇ ਬਿਨਾਂ ਕਿਸੇ ਲਾਇਸੰਸ ਜਾਂ ਰਜਿਸਟ੍ਰੇਸ਼ਨ ਤੋਂ ਦੁੱਧ ਵੇਚ ਰਹੇ ਹਨ | ਜਦਕਿ ਸਰਕਾਰ ਵਲੋਂ ਦੁੱਧ ਦੇ ਛੋਟੇ ਕਾਰੋਬਾਰੀ ਲਈ ਸਾਲਾਨਾ 100 ਰੁਪਏ, ਟਰੇਡਰਜ਼ (ਵਪਾਰੀ) ਲਈ 2,000 ਰੁਪਏ ਮੈਨੂਫੈਕਚਰਜ਼ (1 ਟਨ ਰੋਜ਼ਾਨਾ ਸਮਰੱਥਾ ਤਕ) ਲਈ 3,000 ਰੁਪਏ ਅਤੇ ਵੱਡੀ ਸਮਰੱਥਾ ਵਾਲੇ ਯੂਨਿਟਾਂ ਲਈ 5,000 ਰੁਪਏ ਫ਼ੀਸ ਭਰ ਕੇ ਆਨਲਾਈਨ ਲਾਇਸੰਸ ਅਪਲਾਈ ਕੀਤਾ ਜਾ ਸਕਦਾ ਹੈ, ਹੁਣ ਇਸ ਨਾਲ ਨਕਲੀ ਦੁੱਧ ਦੇ ਕਾਰੋਬਾਰ 'ਤੇ ਕਿੰਨੀ ਕੁ ਠੱਲ੍ਹ ਪੈਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ?
ਕੀ ਕਹਿਣਾ ਹੈ ਸਿਹਤ ਅਧਿਕਾਰੀ ਦਾ-
ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਸ਼ੀਸ ਚਾਵਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਕਲੀ ਦੁੱਧ ਦਾ ਕਾਰੋਬਾਰ ਰੋਕਣ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਪੰਜਾਬ ਸਿਹਤ ਵਿਭਾਗ ਵਲੋਂ 9 ਅਪ੍ਰੈਲ ਤੋਂ 24 ਅਪ੍ਰੈਲ ਤੱਕ ਵਿਸ਼ੇਸ਼ ਪੰਦ੍ਹਰਵਾੜਾ ਕੈਂਪ ਲਗਾਇਆ ਗਿਆ ਹੈ, ਜਿਸ ਵਿਚ ਕੋਈ ਵੀ ਦੁੱਧ ਦੀ ਟੈਸਟਿੰਗ ਫ਼ਰੀ 'ਚ ਕਰਵਾ ਸਕਦਾ ਹੈ | ਇਸ ਤੋਂ ਇਲਾਵਾ ਉਨ੍ਹਾਂ ਦੀਆਂ ਮੋਬਾਈਲ ਲੈਬਾਰਟਰੀ ਵੈਨਾਂ ਸ਼ਹਿਰ ਨੂੰ 6 ਜ਼ੋਨਾਂ ਵਿਚ ਵੰਡ ਕੇ ਵੱਖ-ਵੱਖ ਥਾਵਾਂ ਉਪਰ ਮੌਕੇ 'ਤੇ ਜਾ ਕੇ ਦੁੱਧ ਜਾਂ ਖਾਣ ਵਾਲੇ ਪਦਾਰਥਾਂ ਦੀ ਜਾਂਚ ਕਰ ਰਹੀਆਂ ਹਨ | ਦੁੱਧ ਦਾ ਕਾਰੋਬਾਰ ਕਰਨ ਵਾਲਿਆਂ ਲਈ ਲਾਇਸੰਸ ਬਣਾਉਣ ਬਾਰੇ ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਬਣੀ ਵੈੱਬਸਾਈਟ 'ਤੇ ਇਹ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ |
ਕੀ ਕਹਿਣਾ ਹੈ ਮੈਕਲਾਈਫ ਦੇ ਲੁਧਿਆਣਾ ਡਿਸਟ੍ਰੀਬਿਊਟਰ ਦਾ
ਜਦੋਂ ਨਕਲੀ ਦੁੱਧ ਦੀ ਹੋ ਰਹੀ ਵਿੱਕਰੀ ਬਾਰੇ ਦੁੱਧ ਅਤੇ ਇਸ ਤੋਂ ਬਣੇ ਉਤਪਾਦਨ ਬਣਾਉਣ ਵਾਲੀ ਮੈਕਲਾਈਫ ਦੇ ਲੁਧਿਆਣਾ ਡਿਸਟ੍ਰੀਬਿਊਟਰ ਹਰਮੰਦਰਜੋਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਐਫ.ਸੀ.ਆਈ. ਵਲੋਂ ਨਕਲੀ ਦੁੱਧ ਦੀ ਵਿੱਕਰੀ ਨੂੰ ਰੋਕਣ ਲਈ ਦੁੱਧ ਦਾ ਕਾਰੋਬਾਰ ਕਰਨ ਵਾਲੇ ਛੋਟੇ-ਵੱਡੇ ਵਪਾਰੀਆਂ ਲਈ ਲਾਇਸੰਸ ਜ਼ਰੂਰੀ ਬਣਵਾਉਣ ਦੀ ਕੀਤੀ ਸ਼ੁਰੂਆਤ ਸ਼ਲਾਘਾਯੋਗ ਉਪਰਾਲਾ ਹੈ | ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦੁੱਧ ਵੇਚਣ ਵਾਲੇ ਸਟਾਲਾਂ ਜਾਂ ਡੇਅਰੀਆਂ 'ਤੇ ਜਾ ਕੇ ਕੈਂਪ ਲਗਾ ਕੇ ਆਮ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਮੌਕੇ 'ਤੇ ਇਹ ਲਾਇਸੰਸ ਬਣਾ ਕੇ ਦੇਣੇ ਚਾਹੀਦੇ ਹਨ, ਜਿਸ ਨਾਲ ਵਿਚੋਲੀਆਪਨ ਖ਼ਤਮ ਹੋਵੇਗਾ | ਇਸ ਦੇ ਨਾਲ ਹੀ ਸਿਹਤ ਵਿਭਾਗ ਨੂੰ ਸੜਕਾਂ ਕਿਨਾਰੇ ਲੱਗੀਆਂ ਖਾਣ-ਪੀਣ ਵਾਲੀਆਂ ਰੇੜੀਆਂ, ਢਾਬਿਆਂ ਅਤੇ ਰੈਸਟੋਰੈਂਟਾਂ 'ਤੇ ਵਰਤੇ ਜਾਂਦੇ ਦੁੱਧ ਅਤੇ ਤਿਆਰ ਪਦਾਰਥ ਜਿਵੇਂ ਕਰੀਮ, ਪਨੀਰ, ਖੋਆ ਆਦਿ ਦੀ ਵੀ ਜਾਂਚ ਕਰਨੀ ਚਾਹੀਦੀ ਹੈ, ਜੇਕਰ ਇਸ ਦੇ ਬਾਵਜੂਦ ਵੀ ਕੋਈ ਨਕਲੀ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਉਪਰ ਹੱਤਿਆ ਦੀ ਧਾਰਾ ਤਹਿਤ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਬਾਸਕਟਬਾਲ ਐੋਸੋਸੀਏਨ ਵਲੋਂ ਅਕਾਲ ਯੁਗਤ ਭੁਲੱਥ ਬਾਸਕਟਬਾਲ ਲੀਗ ਦੇ ਚੋਣ ਟਰਾਇਲ ਕੱਲ੍ਹ-ਤੇਜਾ ਸਿੰਘ ਧਾਲੀਵਾਲ <br... ਅਗਲੀ ਖ਼ਬਰ ਭਾਵਾਧਸ ਵਲੋਂ 14 ਅਪ੍ਰੈਲ ਨੂੰ ਬਾਬਾ ਸਾਹਿਬ ਦੇ ਜਨਮ ਦਿਹਾੜੇ ਮੌਕੇ ਕੱਢੀ ਜਾਵੇਗੀ ਸਕੂਟਰ-ਮੋਟਰਸਾਈਕਲ ਰੈਲੀ-ਧੀਂਗਾਨ <...
Ad Position 24