ਲੁਧਿਆਣਾ, 10 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਇਕ ਮੀਟਿੰਗ ਸੰਸਥਾ ਦੇ ਰਾਸ਼ਟਰੀ ਕਾਰਜਕਾਰੀ ਨਿਰਦੇਸ਼ਕ ਨਰੇਸ਼ ਧੀਂਗਾਨ ਦੀ ਅਗਵਾਈ ਵਿਚ ਸੰਸਥਾ ਦੇ ਕੇਂਦਰੀ ਦਫ਼ਤਰ ਵਿਖੇ ਹੋਈ | ਇਸ ਮੀਟਿੰਗ ਵਿਚ ਜਾਣਕਾਰੀ ਦਿੰਦੇ ਹੋਏ ਨਰੇਸ਼ ਧੀਂਗਾਨ ਨੇ ਦੱਸਿਆ ਕਿ ਭਾਵਾਧਸ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ ਅਤੇ ਭਾਵਾਧਸ ਵਲੋਂ 14 ਅਪ੍ਰੈਲ ਨੂੰ ਸਵੇਰੇ 10 ਵਜੇ ਭਾਵਾਧਸ ਦੇ ਕੇਂਦਰੀ ਦਫ਼ਤਰ ਵਲੋਂ ਵਿਸ਼ਾਲ ਸਕੂਟਰ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ, ਜਿਸ ਵਿਚ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵਲੋਂ ਸ਼ਿਰਕਤ ਕੀਤੀ ਜਾਵੇਗੀ ਅਤੇ ਇਹ ਸਕੂਟਰ ਮੋਟਰਸਾਈਕਲ ਰੈਲੀ ਮਾਤਾ ਰਾਣੀ ਚੌਕ, ਸਲੇਮ ਟਾਬਰੀ ਤੋਂ ਹੁੰਦੀ ਹੋਈ ਜਲੰਧਰ ਬਾਈਪਾਸ ਡਾ. ਅੰਬੇਡਕਰ ਚੌਕ ਵਿਖੇ ਸਮਾਪਤ ਹੋਵੇਗੀ, ਜਿੱਥੇ ਕਿ ਸਮੂਹ ਭਾਵਾਧਸ ਆਗੂਆਂ ਵਲੋਂ ਬਾਬਾ ਸਾਹਿਬ ਦੇ ਬੁੱਤ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਆਧੁਨਿਕ ਭਾਰਤ ਦੇ ਜਨਮਦਾਤਾ ਹਨ ਅਤੇ ਉਨ੍ਹਾਂ ਨੇ ਸੰਵਿਧਾਨ ਦੀ ਰਚਨਾ ਕਰਕੇ ਭਾਰਤ ਦੇ ਸਮੂਹ ਨਾਗਰਿਕਾਂ ਨੂੰ ਸਮਾਨਤਾ ਦੇ ਅਧਿਕਾਰ ਦਿੱਤੇ ਹਨ | ਇਸ ਲਈ ਹਰੇਕ ਭਾਰਤੀ ਨਾਗਰਿਕ ਨੂੰ 14 ਅਪ੍ਰੈਲ ਵਾਲੇ ਦਿਨ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਚਾਹੀਦੇ ਹਨ | ਇਸ ਮੌਕੇ ਪਿੰਕਾ ਚੰਡਾਲਿਆ, ਰਾਜਵੀਰ ਚੌਟਾਲਾ, ਰਵੀ ਮਤੰਗ, ਯੂਨੀਅਨ ਪ੍ਰਧਾਨ ਵਿੱਕੀ ਰਹੇਲਾ, ਸੁਭਾਸ਼ ਸੋਦੇ, ਵਰੁਣ ਰਾਜ, ਸੁਸ਼ੀਲ ਰੱਤੀ, ਸੰਤੋਸ਼ ਸਰਪੰਚ, ਬਿਹਾਰੀ ਲਾਲ, ਪੱਪੂ, ਬਲਵੀਰ ਮਾਥੁਰ, ਐਡਵੋਕੇਟ ਅਰਜੁਨ ਧੀਂਗਾਨ, ਰਾਜਨ ਪਰੋਚਾ ਆਦਿ ਹਾਜ਼ਰ ਸਨ |