ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਜਿਸ ਪੰਥ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ''ਨਿਰਮਲ ਰੂਪU ਵਿਚ ਸਿਰਜਿਆ ਤੇ ਸਵਾਰਿਆ ਸੀ ਉਸੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਪੂਰਨਤਾ ਪ੍ਰਦਾਨ ਕਰਕੇ ਖਾਲਸਾ ਪੰਥ ਆਖਿਆ ਸੀ | ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਉਪਰੋਕਤ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ 1 ਵੈਸਾਖ ਮੁਤਾਬਿਕ 14 ਅਪ੍ਰੈਲ, ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਸ਼ੁਭ ਦਿਹਾੜੇ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਗੁਰਮਤਿ ਸਮਾਗਮ ਸਜਾਏ ਜਾਣਗੇ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ | ਉਪਰੰਤ ਟਕਸਾਲ ਦੇ ਹੋਣਹਾਰ ਵਿਦਿਆਰਥੀ ਤੰਤੀ ਸਾਜ਼ਾਂ ਨਾਲ ਪੁਰਾਤਨ ਗੁਰਮਤਿ ਸੰਗੀਤ ਸ਼ੈਲੀ ਵਿਚ ਗੁਰਬਾਣੀ ਦੇ ਕੀਰਤਨ ਕਰਨਗੇ | ਉਨਾਂ ਦੱਸਿਆ ਕਿ ਵਿਸਾਖੀ ਵਾਲੇ ਦਿਨ ਜਵੱਦੀ ਟਕਸਾਲ ਵਿਖੇ ਅੰਮਿ੍ਤ ਸੰਚਾਰ ਹੋਵੇਗਾ | ਉਨਾਂ ਅੰਮਿ੍ਤ ਅਭਿਲਾਖੀਆਂ ਨੂੰ ਕੇਸੀ ਇਸ਼ਨਾਨ ਅਤੇ ਸਾਫ਼ ਸੁਥਰੇ ਕੱਪੜੇ ਪਹਿਨ ਕੇ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ |