ਲੁਧਿਆਣਾ, 11 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਜੀ.ਐਮ.ਟੀ. ਪਬਲਿਕ ਸਕੂਲ, ਨੇੜੇ ਜਲੰਧਰ ਬਾਈਪਾਸ ਦੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ 'ਧਰਤੀ ਦਿਵਸ' ਦੇ ਮੌਕੇ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ | ਇਸ ਮੁਹਿੰਮ ਤਹਿਤ ਵਿਦਿਆਰਥੀਆਂ ਨੇ ਸ਼ਹਿਰ ਦੇ ਪ੍ਰਮੁੱਖ ਜਨਤਕ ਸਥਾਨ 'ਤੇ ਧਰਤੀ ਮਾਂ ਦੇ ਰਖਵਾਲੇ ਨਾਮਕ ਨੁੱਕੜ ਨਾਟਕ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ | ਨਾਟਕ ਦੀ ਪੇਸ਼ਕਾਰੀ ਨੇ ਨਾ ਸਿਰਫ਼ ਰਾਹਗੀਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਸਗੋਂ ਉਥੇ ਮੌਜੂਦ ਸੈਂਕੜੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਗੰਭੀਰ ਚਿੰਤਨ ਕਰਨ ਲਈ ਵੀ ਪ੍ਰੇਰਿਤ ਕੀਤਾ | ਨਾਟਕ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਰਾਹੀਂ ਵੱਧ ਰਹੇ ਪ੍ਰਦੂਸ਼ਣ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਪਲਾਸਟਿਕ ਦੀ ਨੁਕਸਾਨਦੇਹ ਵਰਤੋਂ ਕਾਰਨ ਧਰਤੀ 'ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਨੂੰ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤਾ | ਵਿਦਿਆਰਥੀਆਂ ਨੇ ਜੋਸ਼ੀਲੇ ਨਾਅਰਿਆਂ ਅਤੇ ਗੀਤਾਂ ਰਾਹੀਂ ਆਮ ਜਨਤਾ ਨੂੰ ਸੰਦੇਸ਼ ਦਿੱਤਾ ਕਿ ਜੇਕਰ ਅਸੀਂ ਅੱਜ ਵੀ ਆਪਣੀਆਂ ਆਦਤਾਂ ਪ੍ਰਤੀ ਸੁਚੇਤ ਨਾ ਹੋਏ, ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸੁਰੱਖਿਅਤ ਅਤੇ ਸਿਹਤਮੰਦ ਭਵਿੱਖ ਦੀ ਕਲਪਨਾ ਕਰਨਾ ਅਸੰਭਵ ਹੋਵੇਗਾ | ਸਕੂਲ ਦੀ ਪਿ੍ੰਸੀਪਲ ਜਸਬੀਰ ਕੌਰ ਬਲ ਨੇ ਵਿਦਿਆਰਥੀਆਂ ਦੇ ਇਸ ਸ਼ਲਾਘਾਯੋਗ ਯਤਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੈ, ਸਗੋਂ ਸਮਾਜ ਨੂੰ ਅਹਿਮ ਮੁੱਦਿਆਂ ਪ੍ਰਤੀ ਜਾਗਰੂਕ ਕਰਨਾ ਵੀ ਹੈ |