ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਐਸ.ਐਚ.ਓ ਦੇ ਕਥਿਤ ਅੰਨੇ੍ਹ ਤਸ਼ੱਦਦ ਦਾ ਸ਼ਿਕਾਰ ਨੌਜਵਾਨ ਦਾ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਹਾਲ ਚਾਲ ਪੁੱਛਿਆ ਅਤੇ ਉਸ ਦੀ ਪੂਰੀ ਮਦਦ ਕਰਨ ਦਾ ਐਲਾਨ ਕੀਤਾ | ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਇਸ ਘਟਨਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸਿਰਫ ਉਸ 'ਤੇ ਅੰਨ੍ਹਾ ਤਸ਼ੱਦਦ ਹੀ ਨਹੀਂ ਕੀਤਾ, ਬਲਕਿ ਉਸਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਯੂਥ ਅਕਾਲੀ ਦਲ ਪ੍ਰਭਾਵਿਤ ਪਰਿਵਾਰ ਨਾਲ ਖੜ੍ਹਾ ਹੈ ਅਤੇ ਇਨਸਾਫ ਦਿਵਾਉਣ ਲਈ ਲੜਾਈ ਲੜੀ ਜਾਵੇਗੀ | ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਐਸਐਚਓ ਖਿਲਾਫ਼ ਕੇਸ ਦਰਜ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਯੂਥ ਅਕਾਲੀ ਦਲ ਵੱਡੇ ਪੱਧਰ 'ਤੇ ਸੰਘਰਸ਼ ਵਿੱਢੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਘਟਨਾ ਨੇ ਪੰਜਾਬ ਦੇ ਕਾਲੇ ਦੌਰ ਦੀ ਯਾਦ ਤਾਜ਼ਾ ਕਰ ਦਿੱਤੀ ਹੈ, ਜਿਸ ਵੇਲੇ ਸਿੱਖ ਨੌਜਵਾਨਾਂ ਤੇ ਪੁਲਿਸ ਵਲੋਂ ਤਸ਼ੱਦਦ ਕੀਤਾ ਜਾਂਦਾ ਸੀ | ਉਨ੍ਹਾਂ ਦੱਸਿਆ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਸ ਰਾਹ 'ਤੇ ਤੁਰ ਪਈ ਹੈ, ਜਿਸ ਨੂੰ ਕਿ ਕਦੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਰਖਵਿੰਦਰ ਸਿੰਘ ਗਾਬੜੀਆ, ਹਿਤੇਸ਼ਇੰਦਰ ਸਿੰਘ ਗਰੇਵਾਲ, ਜਸਦੀਪ ਸਿੰਘ ਕਾਉਂਕੇ, ਜਗਬੀਰ ਸਿੰਘ ਸੋਖੀ, ਆਕਾਸ਼ਦੀਪ ਸਿੰਘ ਭੱਠਲ, ਪ੍ਰਭਜੋਤ ਸਿੰਘ ਧਾਲੀਵਾਲ, ਸਿਮਰਨਜੀਤ ਸਿੰਘ ਬਿੰਦਰਾ, ਮਨਪ੍ਰੀਤ ਸਿੰਘ ਮੰਨਾ ਅਤੇ ਹੋਰ ਸਾਰੇ ਆਗੂਆਂ ਨੇ ਮਿਲ ਕੇ ਪ੍ਰਭਾਵਿਤ ਨੌਜਵਾਨ ਨੂੰ ਦਸਤਾਰ ਭੇਂਟ ਕੀਤੀ ਅਤੇ ਦਸਤਾਰ ਸਜਾਉਣ ਲਈ ਬੇਨਤੀ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਮਰਨ ਸਿੰਘ ਉਬਰਾਏ, ਬਲਕਰਨ ਸਿੰਘ ਬਾਜਵਾ, ਜਤਿੰਦਰ ਸਿੰਘ ਖਾਲਸਾ, ਕੰਵਲਜੀਤ ਸਿੰਘ, ਸਿਮਰਜੀਤ ਸਿੰਘ ਹਨੀ, ਰਾਜਵਿੰਦਰ ਸਿੰਘ ਮਾਂਗਟ, ਜੋਬਨ ਭੁੱਲਰ, ਅਕਾਸ਼ਦੀਪ ਸਿੰਘ ਭੱਠਲ, ਮਨਪ੍ਰੀਤ ਸਿੰਘ ਬੱਤਰਾ, ਸਤਨਾਮ ਸਿੰਘ ਕੈਲੇ, ਜਸਬੀਰ ਸਿੰਘ ਜੱਸੀ, ਸਮਰੂਪ ਸਿੰਘ ਮਠਾੜੂ, ਗੁਰਪ੍ਰੀਤ ਸਿੰਘ, ਹੈਰੀ ਬੈਸ ਆਦਿ ਹਾਜ਼ਰ ਸਨ |