ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜਸਦੀਪ ਸਿੰਘ ਕਾਉਂਕੇ ਨੇ ਗੱਲਬਾਤ ਦੌਰਾਨ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦਾ ਹਉਕਾ ਦੇਣ ਵਾਲੀ ਆਪ ਸਰਕਾਰ ਨੇ ਅੱਜ ਸੂਬੇ ਨੂੰ ਕੰਗਾਲ ਬਣਾ ਕੇ ਰੱਖ ਦਿੱਤਾ ਹੈ | ਸੂਬੇ ਦਾ ਕਿਸਾਨ, ਮਜ਼ਦੂਰ, ਸਰਕਾਰੀ ਮੁਲਾਜ਼ਮ, ਨੌਜਵਾਨ ਵਰਗ ਸਮੇਤ ਹਰ ਕੋਈ ਸੂਬਾ ਸਰਕਾਰ ਤੋਂ ਪਰੇਸ਼ਾਨ ਅਤੇ ਦੁਖੀ ਹੈ, ਜਿਸ ਕਰਕੇ ਹੁਣ ਲੋਕ ਆਮ ਆਦਮੀ ਪਾਰਟੀ ਨੂੰ ਸਵੀਕਾਰ ਨਹੀਂ ਕਰਨਗੇ | ਉਨਾਂ ਕਿਹਾ ਕਿ ਸੂਬੇ ਦੀ ਵਿਗੜ ਚੁੱਕੀ ਕਾਨੂੰਨ ਵਿਵਸਥਾ ਕਾਰਨ ਵੱਧ ਰਹੇ ਨਸ਼ਿਆਂ, ਭਿ੍ਸ਼ਟਾਚਾਰ, ਕਾਲਾਬਾਜ਼ਾਰੀ ਅਤੇ ਗੈਂਗਸਟਰਵਾਦ ਨੂੰ ਲੈ ਕੇ ਪੰਜਾਬ ਦੀ ਜਨਤਾ ਅੱਜ ਆਪਣੀਆਂ ਅੱਖਾਂ 'ਚ ਹੰਝੂ ਲੈ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਦਿਨ-ਰਾਤ ਕੋਸ ਰਹੇ ਹਨ ਕਿਉਂਕਿ ਅੱਜ ਪੰਜਾਬ ਵਿਕਾਸ ਦੀ ਬਜਾਏ ਤਬਾਹੀ ਦੇ ਕੰਢੇ 'ਤੇ ਪਹੁੰਚ ਚੁੱਕਾ ਹੈ | ਲੋਕਾਂ ਦਾ ਦੇਰ-ਸਵੇਰ ਆਪਣੇ ਘਰਾਂ 'ਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ, ਉਹ ਡਰ ਅਤੇ ਦਹਿਸ਼ਤ ਦੇ ਮਾਹੌਲ 'ਚ ਜਿਉਣ ਲਈ ਮਜ਼ਬੂਰ ਹਨ | ਸ. ਕਾਉਂਕੇ ਨੇ ਕਿਹਾ ਕਿ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਜੋ 'ਆਪ' ਨੂੰ ਸਬਕ ਸਿਖਾਇਆ ਜਾ ਸਕੇ ਕਿਉਂਕਿ ਪੰਜਾਬ ਦੇ ਹਰ ਵਰਗ ਨੇ ਸੁਖਬੀਰ ਸਿੰਘ ਬਾਦਲ ਨੂੰ 2027 'ਚ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਮੰਨ ਬਣਾ ਲਿਆ ਹੈ ਤੇ ਉਨਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਕਾਲੀ ਦਲ ਮੁੜ ਪੰਜਾਬ ਨੂੰ ਆਪਣੀਆਂ ਪਹਿਲੀਆਂ ਸਰਕਾਰਾਂ ਦੇ ਕਾਰਜਕਾਲ ਵਾਂਗ ਵਿਕਾਸ ਵੱਲ ਲੈ ਕੇ ਜਾਵੇਗਾ ਅਤੇ ਅਮਨ-ਕਾਨੂੰਨੀ ਦੀ ਸਥਿਤੀ ਨੂੰ ਵੀ ਬਰਕਰਾਰ ਰੱਖੇਗਾ |