ਲੁਧਿਆਣਾ, 12 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਧਰਮਗੁਰੂ ਅਤੇ ਸਰਵਉਚ ਨਿਰਦੇਸ਼ਕ ਸਵਾਮੀ ਚੰਦਰਪਾਲ ਅਨਾਰਿਆ ਜੀ ਦੇ ਦਿਹਾਂਤ ਤੋਂ ਬਾਅਦ ਭਾਵਾਧਸ ਦੇ ਸਮੂਹ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਸਥਾਨਕ ਮੁੱਖ ਦਫਤਰ ਨੇੜੇ ਨਗਰ ਨਿਗਮ ਜੋਨ-ਏ ਵਿਖੇ ਹੋਈ | ਮੀਟਿੰਗ ਦੌਰਾਨ ਭਾਵਾਧਸ ਦੇ ਅਹੁਦੇਦਾਰਾਂ ਵਲੋਂ ਸਰਵਸੰਮਤੀ ਨਾਲ ਫ਼ੈਸਲੇ ਕਰਦੇ ਹੋਏ ਨਰੇਸ਼ ਧੀਂਗਾਨ ਨੂੰ ਭਾਵਾਧਸ ਦਾ ਰਾਸ਼ਟਰੀ ਸਰਵਉਚ ਨਿਰਦੇਸ਼ਕ ਨਿਯੁਕਤ ਕੀਤਾ ਗਿਆ | ਇਸ ਮੌਕੇ ਭਾਵਾਧਸ ਦੇ ਅਹੁਦੇਦਾਰਾਂ ਵਲੋਂ ਨਰੇਸ਼ ਧੀਂਗਾਨ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਨਰੇਸ਼ ਧੀਂਗਾਨ ਨੇ ਆਪਣੀ ਇਸ ਨਿਯੁਕਤੀ ਲਈ ਭਾਵਾਧਸ ਦੀ ਸਮੁੱਚੀ ਕੋਰ ਕਮੇਟੀ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਭਾਵਾਧਸ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਸਮੁੱਚੇ ਦੇਸ਼ ਵਿਚ ਲੋਕਾਂ ਨੂੰ ਭਾਵਾਧਸ ਨਾਲ ਜੋੜ ਕੇ ਭਾਵਾਧਸ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣਗੇ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਆਉਣ ਵਾਲੇ ਦਿਨਾਂ ਭਾਵਾਧਸ ਵਲੋਂ ਸਮੁੱਚੇ ਦੇਸ਼ ਵਿਚ ਵੱਡੇ ਪੱਧਰ 'ਤੇ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਭਾਵਾਧਸ ਵਿਚ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਆਗੂਆਂ ਨੂੰ ਵੱਡੇ ਅਹੁਦਿਆਂ ਨਾਲ ਵੀ ਨਿਵਾਜ਼ਿਆ ਜਾਵੇਗਾ ਅਤੇ ਸਵਾਮੀ ਚੰਦਰਪਾਲ ਅਨਾਰਿਆ ਜੀ ਵਲੋਂ ਦਿਖਾਏ ਹੋਏ ਰਸਤੇ ਉਤੇ ਚਲਦੇ ਹੋਏ ਵਾਲਮੀਕਿ ਸਮਾਜ ਨੂੰ ਇਕ ਝੰਡੇ ਹੇਠ ਇਕੱਲਾ ਕੀਤਾ ਜਾਵੇਗਾ | ਇਸ ਮੌਕੇ ਸ਼ਿਵ ਕੁਮਾਰ ਬਿਡਲਾ ਮੁੱਖ ਸੰਚਾਲਕ, ਰਾਸ਼ਟਰੀ ਨਿਰਦੇਸ਼ਕ ਸੂਰਤ ਸਿੰਘ, ਮੁਕੇਸ਼ ਸਿਰਸਵਾਲ ਰਾਸ਼ਟਰੀ ਪ੍ਰਧਾਨ ਯੂਥ ਵਿੰਗ, ਧਰਮਵੀਰ ਅਨਾਰਿਆ, ਸੁਭਾਸ਼ ਸੋਦੇ, ਮਦਨ ਲਾਲ ਜੋਸ਼, ਸੁਸ਼ੀਲ ਰੱਤੀ, ਰਵੀ ਮਤੰਗ ਆਦਿ ਹਾਜ਼ਰ ਸਨ |