ਇਆਲੀ/ਥਰੀਕੇ, 13 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਫ਼ਿਰੋਜ਼ਪੁਰ ਮਾਰਗ ਸਿੱਧਵਾਂ ਨਹਿਰ ਵਿਚਾਲੇ ਸਥਿਤ ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਪਾਤਸ਼ਾਹੀ ਛੇਵੀਂ ਇਆਲੀ ਕਲਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਲਕੀਅਤ ਵਾਲੀ ਖੇਤੀਬਾੜੀ ਵਾਲੀ ਜ਼ਮੀਨ ਜੋ ਠੇਕੇ 'ਤੇ ਦਿੱਤੀ ਗਈ ਹੈ, ਵਿਖੇ ਖੜੀ ਕਣਕ ਨੂੰ ਅੱਗ ਲੱਗ ਜਾਣ ਕਾਰਨ 6 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ਸਥਾਨਕ ਲੋਕਾਂ ਵਲੋਂ ਟਰੈਕਟਰਾਂ, ਪਾਣੀ ਵਾਲੇ ਟੈਂਕਰਾਂ ਅਤੇ ਫਾਇਰ ਬਿ੍ਗੇਡ ਦੀ ਮਦਦ ਨਾਲ ਅੱਗ 'ਤੇ ਬੜੀ ਹੀ ਮਸ਼ੱਕਤ ਬਾਅਦ ਕਾਬੂ ਪਾਇਆ ਗਿਆ | ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਗੁਰਚਰਨ ਸਿੰਘ ਪੁਰਬਾ ਦੇ ਦੱਸਣ ਮੁਤਾਬਿਕ ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਸ਼ੰਕਾ ਜ਼ਾਹਿਰ ਕਰਦੇ ਕਿਹਾ ਕਿ ਇਹ ਅੱਗ ਬਿਜਲੀ ਦੀਆਂ ਤਾਰਾਂ ਤੋਂ ਚਿੰਗਾਰੀ ਡਿੱਗਣ ਨਾਲ ਵੀ ਲੱਗ ਸਕਦੀ ਹੈ | ਜ਼ਿਕਰਯੋਗ ਹੈ ਕਿ ਇਹ 28 ਏਕੜ ਦਾ ਟੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਕੀ ਅਧੀਨ ਹੈ, ਜਿਸ ਨੂੰ ਕਿਸਾਨਾਂ ਨੇ 83 ਹਜ਼ਾਰ ਦੇ ਕਰੀਬ ਸਾਲਾਨਾ ਠੇਕੇ 'ਤੇ ਲਿਆ ਹੋਇਆ ਹੈ ਅਤੇ ਠੇਕਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਡਵਾਂਸ ਵਿਚ ਦਿੱਤਾ ਜਾ ਚੁੱਕਾ ਹੈ | ਅੱਗ ਲੱਗਣ ਨਾਲ ਗੁਰਪ੍ਰੀਤ ਸਿੰਘ ਇਆਲੀ ਖੁਰਦ ਦੀ 4 ਏਕੜ ਅਤੇ ਨੰਬਰਦਾਰ ਨਰਿੰਦਰ ਸਿੰਘ ਇਆਲੀ ਕਲਾਂ ਦੀ 2 ਏਕੜ ਕਣਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ | ਇਨ੍ਹਾਂ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ 3 ਤੋਂ 4 ਲੱਖ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ, ਇਸ ਤੋਂ ਪਹਿਲਾ ਉਨ੍ਹਾਂ ਦਾ ਝੋਨੇ ਅਤੇ ਆਲੂਆਂ ਦੇ ਹੋਏ ਨੁਕਸਾਨ ਨਾਲ ਉਨ੍ਹਾਂ ਦਾ ਲੱਕ ਬੁਰੀ ਤਰ੍ਹਾਂ ਟੁੱਟ ਚੁੱਕਿਆਂ ਹੈ | ਇਸ ਮੌਕੇ ਜਗਦੇਵ ਸਿੰਘ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਇਆਲੀ ਖੁਰਦ, ਅਜਮੇਰ ਸਿੰਘ ਇਆਲੀ ਖੁਰਦ, ਕੁਲਵੰਤ ਸਿੰਘ, ਅਮਨਦੀਪ ਸਿੰਘ ਭੰਗੂ, ਰਣਧੀਰ ਸਿੰਘ, ਜਗਤਾਰ ਸਿੰਘ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਕਰਮਜੀਤ ਸਿੰਘ ਵੀ ਮੌਕੇ 'ਤੇ ਹਾਜ਼ਰ ਸਨ |
ਅੱਗ ਲੱਗਣ ਨਾਲ 6 ਏਕੜ ਕਣਕ ਦੀ ਫ਼ਸਲ ਸੜ ਕੇ ਹੋਈ ਸੁਆਹ <br/>
ਅਜੀਤ ਡੈਸਕ
14-04-2026