ਲੁਧਿਆਣਾ, 13 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੀ ਪੁਲਿਸ ਨੇ ਮਾਸੂਮ ਬਾਲੜੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਆਦਰਸ਼ ਵਾਸੀ ਹੈਬੋਵਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਦਾ ਮਾਮਾ ਉਸ ਦੇ ਗੁਆਂਢ ਵਿਚ ਰਹਿੰਦਾ ਹੈ ਅਤੇ ਉਹ ਆਪਣੇ ਮਾਮੇ ਨੂੰ ਮਿਲਣ ਲਈ ਆਇਆ ਸੀ | ਇਸ ਦੌਰਾਨ ਉਕਤ ਕਥਿਤ ਦੋਸ਼ੀ ਨੇ ਉਸ ਦੀ 13 ਸਾਲਾਂ ਮਾਸੂਮ ਬਾਲੜੀ ਨਾਲ ਜਬਰ ਜਨਾਹ ਕੀਤਾ ਅਤੇ ਫ਼ਰਾਰ ਹੋ ਗਿਆ | ਬਾਅਦ ਵਿਚ ਕਥਿਤ ਦੋਸ਼ੀ ਵਲੋਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ | ਮਾਸੂਮ ਬਾਲੜੀ ਉਸ ਵੇਲੇ ਘਰ ਵਿਚ ਇਕੱਲੀ ਸੀ | ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਕਥਿਤ ਦੋਸ਼ੀ ਫ਼ਰਾਰ ਦੱਸਿਆ ਜਾ ਰਿਹਾ ਹੈ | ਪੁਲਿਸ ਨੇ ਲੜਕੀ ਦੀ ਡਾਕਟਰੀ ਜਾਂਚ ਵੀ ਕਰਵਾਈ ਹੈ |