ਲੁਧਿਆਣਾ, 15 ਅਪ੍ਰੈਲ (ਜਤਿੰਦਰ ਭੰਬੀ)-ਪੁਲਿਸ ਨੇ ਵੱਖ-ਵੱਖ ਇਲਾਕਿਆਂ ਵਿਚ ਛਾਪਾਮਾਰੀ ਕਰਕੇ ਨਸ਼ਾ ਕਰਦੇ ਅਤੇ ਵੇਚਦੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪਹਿਲੇ ਮਾਮਲੇ ਵਿਚ ਥਾਣਾ ਡਾਬਾ ਵਿਖੇ ਤੈਨਾਤ ਏ.ਐਸ.ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਸਬੰਧੀ ਸਟਾਰ ਰੋਡ ਵਿਖੇ ਮੌਜੂਦ ਸਨ ਤਾਂ ਇਕ ਸ਼ੱਕੀ ਨੌਜਵਾਨ ਖਾਲੀ ਪਲਾਟ ਦੇ ਨਾਲ ਖੜ ਕੇ ਸ਼ਰ੍ਹੇਆਮ ਸੜਕ 'ਤੇ ਸ਼ਰਾਬ ਪੀ ਰਿਹਾ ਸੀ ਅਤੇ ਉਚੀ-ਉਚੀ ਰੌੋਲਾ ਪਾ ਰਿਹਾ ਸੀ, ਜਿਸ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਇਕ ਪਊਆ ਸ਼ਰਾਬ ਬਰਾਮਦ ਕੀਤੀ ਹੈ | ਮੁਲਜ਼ਮ ਦੀ ਸ਼ਨਾਖ਼ਤ ਹਰਵਿੰਦਰ ਸਿੰਘ ਵਜੋਂ ਕੀਤੀ ਗਈ ਹੈ | ਦੂਜੇ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਵਿਖੇ ਤੈਨਾਤ ਸਹਾਇਕ ਥਾਣੇਦਾਰ ਬਚਿੱਤਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਸਬੰਧੀ ਚਿਮਨੀ ਰੋਡ ਮੁਹੱਲਾ ਪ੍ਰੀਤ ਨਗਰ ਵਿਖੇ ਮੌਜੂਦ ਸਨ ਤਾਂ ਅੱਗੇ ਗਲੀ ਵਿਚ ਖੱਬੇ ਪਾਸੇ ਖਾਲੀ ਪਲਾਟ ਵਿਚ ਇਕ ਸ਼ੱਕੀ ਨੌਜਵਾਨ ਨਸ਼ੇ ਦਾ ਸੇਵਨ ਕਰਦਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਜਦੋਂ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿਚੋਂ 1 ਲਾਈਟਰ, ਸਿਲਵਰ ਪੰਨੀ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤਾ | ਮੁਲਜ਼ਮ ਦੀ ਸ਼ਨਾਖ਼ਤ ਆਸਿਫ਼ ਖ਼ਾਨ ਉਰਫ਼ ਮਨੀ ਵਜੋਂ ਕੀਤੀ ਗਈ ਹੈ | ਤੀਜੇ ਮਾਮਲੇ ਵਿਚ ਥਾਣਾ ਸਰਾਭਾ ਨਗਰ ਵਿਖੇ ਤੈਨਾਤ ਏ.ਐਸ.ਆਈ. ਹਰਭੋਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਸਬੰਧੀ ਰਾਜਗੁਰੂ ਨਗਰ ਮਾਰਕੀਟ ਵੱਲ ਜਾ ਰਹੇ ਸਨ ਤਾਂ ਰਸਤੇ ਵਿਚ ਬਾਬਾ ਨਾਮਦੇਵ ਚੌਕ ਤੋਂ ਅੱਗੇ ਸੜਕ ਦੇ ਕਿਨਾਰੇ ਸ਼ਰੇਆਮ ਦੋ ਵਿਅਕਤੀ ਸ਼ਰਾਬ ਪੀ ਰਹੇ ਸਨ, ਜਿਨਾਂ ਨੂੰ ਕਾਬੂ ਕਰਕੇ ਉਨਾਂ ਦੇ ਕਬਜ਼ੇ ਵਿਚੋਂ 1 ਬੋਤਲ ਸ਼ਰਾਬ, ਇਕ ਪਾਣੀ ਦੀ ਬੋਤਲ ਅਤੇ 2 ਡਿਸਪੋਜ਼ਲ ਗਲਾਸ ਬਰਾਮਦ ਕੀਤੇ ਗਏ ਹਨ | ਮੁਲਜ਼ਮਾਂ ਦੀ ਸ਼ਨਾਖ਼ਤ ਸਚਿਦਾਨੰਦ ਬਹਿਰਾ ਉਰਫ਼ ਸਚਿਨ ਅਤੇ ਗੁਰਭੇਜ ਸਿੰਘ ਵਜੋਂ ਕੀਤੀ ਗਈ ਹੈ | ਚੌਥੇ ਮਾਮਲੇ ਵਿਚ ਥਾਣਾ ਹੈਬੋਵਾਲ ਵਿਖੇ ਤੈਨਾਤ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਸਬੰਧੀ ਨੇੜੇ ਪੈਟਰੋਲ ਪੰਪ ਬਚਨ ਸਿੰਘ ਮਾਰਗ ਹੈਬੋਵਾਲ ਵਿਖੇ ਮੌਜੂਦ ਸਨ ਤਾਂ ਮੁਖ਼ਬਰ ਖਾਸ ਦੀ ਇਤਲਾਹ 'ਤੇ ਬੱਲੋਕੀ ਰੋਡ ਨੇੜੇ ਬੈਂਕ ਕਾਲੋਨੀ ਹੈਬੋਵਾਲ ਵਿਖੇ ਸ਼ਰ੍ਹੇਆਮ ਸ਼ਰਾਬ ਪੀ ਰਹੇ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਇਕ ਅਧੀਆ ਅਤੇ ਤਿੰਨ ਗਿਲਾਸ ਬਰਾਮਦ ਕੀਤੇ ਹਨ | ਮੁਲਜ਼ਮ ਦੀ ਸ਼ਨਾਖ਼ਤ ਰਿੰਕੂ ਚੌਧਰੀ ਵਜੋਂ ਕੀਤੀ ਗਈ ਹੈ |