ਲੁਧਿਆਣਾ, 17 ਅਪ੍ਰੈਲ (ਜਤਿੰਦਰ ਭੰਬੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਏ.ਐਨ.ਟੀ.ਐਫ. ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਏ. ਐਨ. ਟੀ. ਐਫ. ਦੀ ਪੁਲਿਸ ਪਾਰਟੀ ਨੇ ਕਰੋੜਾਂ ਰੁਪਏ ਦੀ ਹੈਰੋਇਨ, ਰਿਵਾਲਵਰ, 4 ਜਿੰਦਾ ਕਾਰਤੂਸ ਅਤੇ ਐਕਟਿਵਾ ਸਮੇਤ ਮੁਲਜ਼ਮਾਂ ਨੂੰ ਕਾਬੂ ਕੀਤਾ | ਇਸ ਸਬੰਧੀ ਲੁਧਿਆਣਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏ.ਐਨ.ਟੀ.ਐਫ. ਦੇ ਡੀ.ਐਸ.ਪੀ ਅਜੇ ਕੁਮਾਰ ਨੇ ਦੱਸਿਆ ਕਿ ਨਸ਼ੇ ਦੇ ਤਸਕਰਾਂ ਦੀ ਭਾਲ ਦੇ ਸਬੰਧ ਵਿਚ ਬੰਦ ਪਏ ਇੰਡੀਅਨ ਆਇਲ ਪੈਟਰੋਲ ਪੰਪ ਨੇੜੇ ਟੋਲ ਪਲਾਜ਼ਾ ਪਿੰਡ ਛਿੱਤਣ ਅੰਮਿ੍ਤਸਰ ਤੋਂ ਅਟਾਰੀ ਬਾਰਡਰ ਨੂੰ ਜਾਂਦੀ ਮੇਨ ਜੀ.ਟੀ. ਰੋਡ ਥਾਣਾ ਘਰਿੰਡਾ ਜ਼ਿਲਾ ਅੰਮਿ੍ਤਸਰ ਮੌਜੂਦ ਸੀ ਤਾਂ ਪੁਲਿਸ ਪਾਰਟੀ ਨੇ ਮੁਖ਼ਬਰੀ ਦੇ ਆਧਾਰ 'ਤੇ ਜਗਰੂਪ ਸਿੰਘ ਵਾਸੀ ਪਿੰਡ ਲੱਧੇਵਾਲ ਥਾਣਾ ਘਰਿੰਡਾ ਜ਼ਿਲਾ ਅੰਮਿ੍ਤਸਰ ਅਤੇ ਕਿਰਨਦੀਪ ਸਿੰਘ ਉਰਫ਼ ਕਰਨ ਵਾਸੀ ਪਿੰਡ ਭੈਣੀ ਮੱਟੂਆ ਥਾਣਾ ਸਦਰ ਤਰਨਤਾਰਨ ਦੇ ਬਰਿਖ਼ਲਾਫ਼ ਰੁਕਾ ਭੇਜ ਕੇ ਮੁਕੱਦਮਾ ਥਾਣਾ ਏ.ਐਨ.ਟੀ.ਐਫ. ਮੋਹਾਲੀ ਜ਼ਿਲਾ ਐਸ.ਏ.ਐਸ. ਨਗਰ ਵਿਖੇ ਦਰਜ ਕਰਵਾਇਆ | ਫਿਰ ਮੁਖ਼ਬਰ ਦੀ ਇਤਲਾਹ ਮੁਤਾਬਿਕ ਮੁਲਜ਼ਮ ਜਗਰੂਪ ਸਿੰਘ ਅਤੇ ਕਿਰਨਦੀਪ ਉਰਫ਼ ਕਰਨ ਨੂੰ ਦੌਰਾਨੇ ਨਾਕਾਬੰਦੀ ਕਾਬੂ ਕਰਕੇ ਐਕਟਿਵਾ ਸਕੂਟਰੀ ਦੀ ਜਦੋਂ ਅਜੈ ਕੁਮਾਰ ਉਪ ਕਪਤਾਨ ਪੁਲਿਸ ਐਂਟੀ ਨਾਰਕੋਟਿਕਸ ਟਾਸਕ ਫੋਰਸ ਲੁਧਿਆਣਾ ਰੇਂਜ ਨੂੰ ਮੌਕੇ ਤੇ ਬੁਲਾ ਕੇ ਉਨਾਂ ਦੀ ਹਾਜ਼ਰੀ ਵਿਚ ਐਕਟਿਵਾ ਸਕੂਟਰੀ ਦੀ ਤਲਾਸ਼ੀ ਲਈ ਤਾਂ ਉਸਦੀ ਡਿੱਗੀ ਵਿਚੋਂ 1 ਕਿੱਲੋ 10 ਗ੍ਰਾਮ ਹੈਰੋਇਨ ਅਤੇ ਮੁਲਜ਼ਮ ਕਿਰਨਦੀਪ ਸਿੰਘ ਉਰਫ਼ ਕਰਨ ਦੇ ਕਬਜ਼ੇ ਵਿਚੋਂ ਇਕ ਰਿਵਾਲਵਰ 32 ਬੋਰ ਅਤੇ 4 ਜਿੰਦਾ ਕਾਰਤੂਸ 32 ਬੋਰ ਬਰਾਮਦ ਹੋਏ | ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ | ਦੌਰਾਨੇ ਪੁੱਛਗਿੱਛ ਮੁਲਜ਼ਮ ਜਗਰੂਪ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਮੁਲਜ਼ਮ ਕਿਰਨਦੀਪ ਸਿੰਘ ਉਰਫ਼ ਕਰਨ ਨੇ ਦੱਸਿਆ ਕਿ ਉਹ ਫ਼ਰਨੀਚਰ ਬਣਾਉਣ ਦਾ ਕੰਮ ਕਰਦਾ ਹੈ | ਮੁਲਜ਼ਮ ਜਗਰੂਪ ਸਿੰਘ ਖ਼ਿਲਾਫ਼ ਪਹਿਲਾਂ ਵੀ ਦੋ ਮੁਕੱਦਮੇ ਨਸ਼ਾ ਤਸਕਰੀ ਦੇ ਦਰਜ ਹਨ |