ਲੁਧਿਆਣਾ, 21 ਅਪ੍ਰੈਲ (ਡਾ. ਤਰਲੋਚਨ ਸਿੰਘ)-ਵਿਸ਼ਵ ਪੰਜਾਬੀ ਸਭਾ ਟੋਰੰਟੋ(ਕੈਨੇਡਾ) ਵਲੋਂ ਪ੍ਰਕਾਸ਼ਤਿ ਡਾ. ਆਤਮਜੀਤ ਤੇ ਗੁਰਭਜਨ ਗਿੱਲ ਵੱਲੋਂ ਸੰਪਾਦਿਤ ਵੱਡ ਆਕਾਰੀ ਪੁਸਤਕ ''ਪੰਜਾਬੀ ਬੋਲੀ- ਰਮਜ਼ਾਂ ਰੁਕਾਵਟਾਂ ਤੇ ਰਾਹ'' ਨੂੰ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਤੇ ਸਿੱਖਿਆ ਸ਼ਾਸਤਰੀ ਪਦਮ ਭੂਸ਼ਨ ਡਾ. ਸਰਦਾਰਾ ਸਿੰਘ ਜੌਹਲ ਤੇ ਸਾਥੀਆਂ ਨੇ ਗੈਰ ਰਸਮੀ ਇਕੱਤਰਤਾ ਵਿੱਚ ਲੋਕ ਅਰਪਣ ਕੀਤਾ | ਇਸ ਮੌਕੇ ਡਾ. ਜੌਹਲ ਨੇ ਇਹ ਪੁਸਤਕ ਪਾਠਕਾਂ ਤੇ ਖੋਜ ਵਿਗਿਆਨੀਆਂ ਹਵਾਲੇ ਕਰਦਿਆਂ ਕਿਹਾ ਕਿ ਕਿਸੇ ਵੀ ਬੋਲੀ ਨੂੰ ਆਪਣੇ ਵਿਰਸੇ , ਵਰਤਮਾਨ ਤੇ ਭਵਿੱਖ ਬਾਰੇ ਨਾਲੋ ਨਾਲ ਲੇਖਾ ਜੋਖਾ ਕਰਦੇ ਰਹਿਣਾ ਚਾਹੀਦਾ ਹੈ | ਇਹ ਕਿਤਾਬ ਇੱਕੋ ਵੇਲੇ ਤ੍ਰੈਕਾਲ ਦਰਸ਼ੀ ਨੀਝ ਪ੍ਰਦਾਨ ਕਰਦੀ ਹੈ | ਇਸ ਵੱਡੇ ਉੱਦਮ ਲਈ ਉਨ੍ਹਾਂ ਵਿਸ਼ਵ ਪੰਜਾਬੀ ਸਭਾ ਅਤੇ ਇਸ ਦੇ ਸੰਪਾਦਕਾਂ ਨੂੰ ਮੁਬਾਰਕ ਦਿੱਤੀ | ਇਸ ਮੌਕੇ ਉੱਘੇ ਵਾਰਤਕ ਲੇਖਕ ਗੁਰਪ੍ਰੀਤ ਸਿੰਘ ਤੂਰ, ਰਣਜੋਧ ਸਿੰਘ, ਤੇਜ ਪ੍ਰਤਾਪ ਸਿੰਘ ਸੰਧੂ ਤੇ ਜਨਮੇਜਾ ਸਿੰਘ ਜੌਹਲ ਨੇ ਇਸ ਪੁਸਤਕ ਦਾ ਸੁਆਗਤ ਕੀਤਾ | ਇਸ ਮੌਕੇ ਪੁਸਤਕ ਦੇ ਸਹਿ ਸੰਪਾਦਕ ਗੁਰਭਜਨ ਗਿੱਲ ਨੇ ਦੱਸਿਆ ਕਿ 348 ਪੰਨਿਆਂ ਦੀ ਇਸ ਪੁਸਤਕ ਵਿੱਚ 33 ਪ੍ਰਮੁੱਖ ਵਿਦਵਾਨਾਂ ਦੇ ਲੇਖ ਸ਼ਾਮਲ ਹਨ | ਇਨ੍ਹਾਂ ਲੇਖਕਾਂ ਵਿੱਚ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ, ਯੂ.ਕੇ ਤੇ ਇਟਲੀ ਦੇ ਲੇਖਕਾਂ ਦੇ ਵਿਸ਼ੇਸ਼ ਲੇਖ ਸ਼ਾਮਲ ਹਨ |