ਲੁਧਿਆਣਾ, 22 ਅਪ੍ਰੈਲ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿੱਤ ਜਗਤ ਵਿਚ ਇਕ ਹੋਰ ਨਵਾਂ ਵਾਧਾ ਕਰਦਿਆਂ ਲੇਖਿਕਾ ਕੋਮਲਦੀਪ ਕੌਰ ਦੀ ਨਵੀਂ ਪੁਸਤਕ 'ਡਰੇ ਹੋਏ ਲੋਕ' ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਜਗਵਿੰਦਰ ਜੋਧਾ ਅਤੇ ਹੋਰ ਵਿਦਵਾਨਾਂ ਨੇ ਕਿਤਾਬ ਬਾਰੇ ਬਹੁਤ ਸੰਜੀਦਾ ਅਤੇ ਡੂੰਘੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਵੱਖ-ਵੱਖ ਬੁਲਾਰਿਆਂ ਨੇ ਪੁਸਤਕ 'ਡਰੇ ਹੋਏ ਲੋਕ' ਵਿਚੋਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ | ਇਸ ਮੌਕੇ ਉਘੇ ਕਵੀ ਹਰਮੀਤ ਵਿਦਿਆਰਥੀ, ਨੈਸ਼ਨਲ ਤੇ ਸਟੇਟ ਐਵਾਰਡੀ ਡਾ. ਗੁਰਚਰਨ ਕੌਰ ਕੋਚਰ, ਹਰਲੀਨ ਸੋਨਾ, ਤ੍ਰੈਲੋਚਨ ਲੋਚੀ, ਸੁਰਿੰਦਰ ਖੰਨਾ, ਮੁਕੇਸ਼ ਆਲਮ, ਰਵਿੰਦਰ ਰਵੀ, ਪ੍ਰਮੋਦ ਕਾਫਿਰ, ਜਸਪਾਲ ਅਨਹਦ, ਨਰਿੰਦਰ ਸੰਧੂ, ਮਨਦੀਪ ਔਲਖ, ਬਲਬੀਰ ਕੌਰ, ਪਰਮਜੀਤ ਦਿਓਲ, ਦਵਿੰਦਰ ਦਿਲਰੂਪ ਅਤੇ ਰਾਕੇਸ਼ ਤੇਜਪਾਲ ਜਾਨੀ ਸਮੇਤ ਵੱਡੀ ਗਿਣਤੀ ਵਿਚ ਲੇਖਕਾਂ, ਪਾਠਕਾਂ ਅਤੇ ਸਨੇਹੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਡਾ. ਗੁਰਚਰਨ ਕੌਰ ਕੋਚਰ ਅਤੇ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਇਸ ਕਿਤਾਬ ਵਿਚ ਕਵਿਤਾਵਾਂ ਰਾਹੀਂ ਅਜੋਕੇ ਮਨੁੱਖ ਦੀ ਮਾਨਸਿਕਤਾ, ਸਮਾਜਿਕ ਤਾਣੇ-ਬਾਣੇ ਅਤੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਬਹੁਤ ਹੀ ਸੰਵੇਦਨਸ਼ੀਲ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ | ਅੰਤ ਵਿਚ ਪੁਸਤਕ ਦੀ ਲੇਖਿਕਾ ਕੋਮਲਦੀਪ ਕੌਰ ਨੇ ਸ਼ਾਮਿਲ ਸਮੂਹ ਸਾਹਿਤਕਾਰਾਂ ਦਾ ਦਿਲੋਂ ਧੰਨਵਾਦ ਕੀਤਾ | ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਛਾਇਆ ਸ਼ਰਮਾ ਵਲੋਂ ਬਾਖੂਬੀ ਨਿਭਾਈ ਗਈ |