ਲੁਧਿਆਣਾ, 22 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਅੱਜ ਸਿੱਖ ਮਸਲਿਆਂ ਦੇ ਚਿੰਤਕ ਅਤੇ ਸਿੱਖ ਨੌਜਵਾਨੀ ਨਾਲ ਹੋ ਰਹੇ ਧੱਕੇ ਵਿਰੁੱਧ ਡੱਟਣ ਵਾਲੇ ਜੁਝਾਰੂਆਂ ਦੀ ਇਕ ਹੰਗਾਮੀ ਮੀਟੰਗ ਰਵੀ ਪਾਲ ਸਿੰਘ ਸੰਨੀ ਦੇ ਗ੍ਰਹਿ ਵਿਖੇ ਜੀ. ਕੇ. ਕਲੋਨੀ 'ਚ ਹੋਈ, ਜਿਸ ਵਿਚ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ ਸੇਠੀ, ਜਸਦੀਪ ਸਿੰਘ ਕਾਉਂਕੇ, ਪਲਵਿੰਦਰ ਸਿੰਘ, ਸਿਮਰਨਜੀਤ ਸਿੰਘ ਹਨੀ, ਗੁਰਦੀਪ ਸਿੰਘ ਢੀਂਗਰਾ, ਮਨਦੀਪ ਸਿੰਘ ਬੱਤਰਾ, ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਨੌਜਵਾਨ ਹਾਜ਼ਰ ਹੋਏ | ਇਸ ਮੌਕੇ ਸਾਂਝੇ ਰੂਪ 'ਚ ਗੱਲ ਕਰਦਿਆਂ ਗਗਨਦੀਪ ਸਿੰਘ ਸੇਠੀ ਅਤੇ ਜਸਦੀਪ ਸਿੰਘ ਕਾਉਂਕੇ ਨੇ ਕਿਹਾ ਕਿ ਪੰਜਾਬ ਦੇ ਅੰਦਰ ਦਿਨ-ਬ-ਦਿਨ ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਦੇ ਨਾਲ ਤਸ਼ੱਦਦ ਦੀ ਕਹਾਣੀ ਵਧਦੀ ਜਾ ਰਹੀ ਹੈ | ਆਏ ਦਿਨ ਸਿੱਖਾਂ ਦੀਆਂ ਦਸਤਾਰਾਂ, ਦਾਹੜਿਆਂ ਤੇ ਸਿੱਖੀ ਸਿਧਾਂਤਾਂ ਉਪਰ ਵਿਰੋਧੀ ਤਾਕਤਾਂ ਹਮਲਾ ਕਰ ਰਹੀਆਂ ਹਨ | ਪਿਛਲੇ ਦਿਨੀਂ ਲੁਧਿਆਣੇ 'ਚ ਵੀ ਇਕ ਦੋ ਘਟਨਾਵਾਂ ਸਾਹਮਣੇ ਆਈਆਂ, ਜਿਸ ਕਰਕੇ ਇਨਸਾਫ ਲੈਣ ਲਈ ਬਹੁਤ ਲੰਮਾ ਸੰਘਰਸ਼ ਕਰਨਾ ਪਿਆ ਅਤੇ ਡੱਟ ਕੇ ਖੜ੍ਹਨਾ ਪਿਆ | ਸੋ ਅਜਿਹੇ ਮਸਲਿਆਂ ਦੇ ਵਿਰੁੱਧ ਡੱਟ ਕੇ ਖੜ੍ਹਨ ਲਈ ਅੱਜ ਇਹ ਨੌਜਵਾਨਾਂ ਨੇ ਅਜਿਹੀ ਸਿੱਖ ਤਾਲਮੇਲ ਕਮੇਟੀ ਬਣਾਈ ਹੈ ਜਿਸ ਦੀ ਰੂਪ ਰੇਖਾ ਤੇ ਏਜੰਡਾ ਆਉਣ ਵਾਲੇ ਦਿਨਾਂ 'ਚ ਤਿਆਰ ਕਰਕੇ ਪ੍ਰੈਸ ਕਾਨਫਰੰਸ ਕਰਕੇ ਉਸਦਾ ਵਿਖਿਆਨ ਕੀਤਾ ਜਾਏਗਾ | ਇਸ ਦਾ ਮੁੱਖ ਮਕਸਦ ਪੰਜਾਬ ਅੰਦਰ ਸਿੱਖਾਂ ਨਾਲ ਹੋ ਰਹੇ ਨਸਲੀ ਅਤੇ ਜਾਤੀਵਾਦ ਧੱਕੇ ਸਿੱਖੀ ਸਿਧਾਂਤਾਂ ਦੇ ਹਮਲਿਆਂ ਨੂੰ ਰੋਕਣਾ ਅਤੇ ਠੱਲ੍ਹ ਪਾਉਣਾ ਹੈ | ਇਸ ਮੌਕੇ ਗੱਲ ਕਰਦਿਆਂ ਗਗਨਦੀਪ ਸਿੰਘ ਸੇਠੀ ਅਤੇ ਜਸਦੀਪ ਸਿੰਘ ਕਾਉਂਕੇ ਨੇ ਦੱਸਿਆ ਕਿ ਉਨ੍ਹਾਂ ਸਾਰਿਆਂ ਸੁਹਿਰਦ ਧਾਰਮਿਕ ਜਥੇਬੰਦੀਆਂ, ਨੌਜਵਾਨ ਸਭਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਮੁਹੱਲਾ ਸੁਧਾਰ ਕਮੇਟੀਆਂ, ਸੰਪਰਦਾਵਾਂ ਅਤੇ ਹੋਰ ਵੀ ਸੁਹਿਰਦ ਸਿੱਖ ਚਿੰਤਕਾਂ ਨੂੰ ਨਾਲ ਲੈ ਕੇ ਚੱਲਣਗੇ | ਜਿਸ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਹ ਜਥੇਬੰਦੀ ਬਣਾਈ ਗਈ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਹ ਹਰ ਵਾਰਡ 'ਚ ਇਸ ਜਥੇਬੰਦੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਗੇ | ਇਸ ਮੌਕੇ ਹੋਰਨਾ ਤੋਂ ਇਲਾਵਾ ਪਲਵਿੰਦਰ ਸਿੰਘ, ਗੁਰਦੀਪ ਸਿੰਘ ਢੀਂਗਰਾ, ਸਿਮਰਨਜੀਤ ਸਿੰਘ ਹਨੀ, ਬਲਜਿੰਦਰ ਸਿੰਘ ਖਾਲਸਾ, ਮਨਪ੍ਰੀਤ ਸਿੰਘ ਬੱਤਰਾ, ਹਰਵਿੰਦਰ ਸਿੰਘ, ਰਵੀਪਾਲ ਸੁਚਦੇਵਾ, ਅਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |