ਲੁਧਿਆਣਾ, 23 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਦੇ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਵਲੋਂ ਮੁੜ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ | ਉਨਾਂ ਦੀ ਵਾਪਸੀ ਨਾਲ ਸਕੂਲ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਅਧਿਆਪਕਾਂ, ਸਮਾਜ ਸੇਵੀਆਂ ਅਤੇ ਇਲਾਕੇ ਦੇ ਲੋਕਾਂ ਵਲੋਂ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਜਾਣਕਾਰੀ ਅਨੁਸਾਰ ਪਿਛਲੇ ਸਮੇਂ ਦੌਰਾਨ ਉਨਾਂ ਖ਼ਿਲਾਫ਼ ਕੁੱਝ ਸ਼ਿਕਾਇਤਾਂ ਦੇ ਆਧਾਰ 'ਤੇ ਬਦਲੀ ਹੋਈ ਸੀ, ਪਰ ਸਿੱਖਿਆ ਵਿਭਾਗ ਵਲੋਂ ਕੀਤੀ ਗਈ ਜਾਂਚ ਦੌਰਾਨ ਇਹ ਸ਼ਿਕਾਇਤਾਂ ਬੇਬੁਨਿਆਦ ਸਾਬਤ ਹੋਈਆਂ | ਇਸ ਤੋਂ ਬਾਅਦ ਵਿਭਾਗ ਨੇ ਉਨਾਂ ਨੰੂ ਦੁਬਾਰਾ ਮੋਤੀ ਨਗਰ ਸਕੂਲ ਵਿਚ ਬਹਾਲ ਕਰ ਦਿੱਤਾ | ਅਹੁਦਾ ਸੰਭਾਲਣ ਮੌਕੇ ਸਕੂਲ ਵਿਚ ਇਕ ਛੋਟਾ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਅਧਿਆਪਕਾਂ ਅਤੇ ਇਲਾਕੇ ਦੇ ਵਿਅਕਤੀਆਂ ਨੇ ਹਾਜ਼ਰੀ ਭਰੀ | ਇਸ ਮੌਕੇ ਪ੍ਰਮੁੱਖ ਬੁਲਾਰਿਆਂ ਨੇ ਕਿਹਾ ਕਿ ਇਮਾਨਦਾਰੀ ਅਤੇ ਲਗਨ ਨਾਲ ਕੀਤੇ ਕੰਮ ਦੀ ਕਦਰ ਹਮੇਸ਼ਾ ਹੁੰਦੀ ਹੈ | ਉਨਾਂ ਨੇ ਆਸ ਜਤਾਈ ਕਿ ਸੁਖਧੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਸਕੂਲ ਹੋਰ ਤਰੱਕੀ ਕਰੇਗਾ ਅਤੇ ਵਿਦਿਆਰਥੀਆਂ ਨੰੂ ਵਧੀਆ ਸਿੱਖਿਆ ਮਿਲਦੀ ਰਹੇਗੀ | ਇਸ ਮੌਕੇ ਸਾਬਕਾ ਜ਼ਿਲਾ ਸਿੱਖਿਆ ਅਫ਼ਸਰ ਅਨਿਲ ਸ਼ਰਮਾ, ਐਡਵੋਕੇਟ ਸੁਰਿੰਦਰ ਸਿੰਘ ਕੰਗ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਧਰਮਵੀਰ ਸਿੰਘ ਸੇਖੋਂ, ਭੁਪਿੰਦਰ ਸਿੰਘ, ਅਸ਼ੋਕ ਕੁਮਾਰ, ਕਮਲਾ ਕਸ਼ਯਪ, ਰੇਖਾ ਬਾਂਸਲ, ਪਲਵੀ ਗਰਗ ਆਦਿ ਮੌਜੂਦ ਸਨ |