ਵਾਤਾਵਰਨ ਪ੍ਰੇਮੀਆਂ ਦਾ ਸਵਾਲ... ਬੁੱਢੇ ਦਰਿਆ ਦੇ ਕਾਲੇ ਜ਼ਹਿਰੀਲੇ ਪਾਣੀ ਲਈ ਰੰਗਾਈ ਇਕਾਈਆਂ ਨੂੰ ਕਿਉਂ ਨਹੀਂ ਠਹਿਰਾਇਆ ਜਾ ਰਿਹਾ ਜ਼ਿੰਮੇਵਾਰ? <br/>
ਬੁੱਢੇ ਦਰਿਆ ਵਿਚ ਪੈ ਰਿਹਾ ਕੈਮੀਕਲਯੁਕਤ ਪਾਣੀ ਅਤੇ ਵਲੀਪੁਰ ਪੁਆਇੰਟ 'ਤੇ ਸਤਲੁਜ ਦਰਿਆ 'ਚ ਡਿੱਗ ਰਿਹਾ ਜ਼ਹਿਰੀਲਾ ਪਾਣੀ | ਅਜੀਤ ਤਸਵੀਰਾਂ
<br/>
24-04-2026
ਲੁਧਿਆਣਾ, 23 ਅਪ੍ਰੈਲ-ਪਿਛਲੇ ਕਈ ਸਾਲ੍ਹਾਂ ਤੋਂ ਗੰਦਗੀ ਅਤੇ ਰੰਗਾਈ ਇਕਾਈਆਂ ਵਲੋਂ ਸੁੱਟੇ ਜਾਂਦੇ ਜ਼ਹਿਰੀਲੇ ਰਸਾਇਣਾਂ ਵਾਲੇ ਪਾਣੀ ਦੀ ਮਾਰ ਝੱਲ ਰਹੇ ਬੁੱਢੇ ਦਰਿਆ ਨੂੰ ਕਾਲੇ ਜ਼ਹਿਰੀਲੇ ਪਾਣੀ ਅਤੇ ਗੰਦਗੀ ਤੋਂ ਨਿਜ਼ਾਤ ਦਿਵਾਉਣ ਲਈ ਵਾਤਾਵਰਨ ਪ੍ਰੇਮੀ ਸੰਸਥਾਵਾਂ ਵਲੋਂ ਜਿਥੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ | ਉਥੇ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਵੀ ਇਕ ਮੁਹਿੰਮ ਚਲਾਈ ਜਾ ਰਹੀ ਹੈ | ਜਿਸਦੇ ਤਹਿਤ ਬੁੱਢੇ ਦਰਿਆ ਦੇ ਕਿਨਾਰਿਆਂ ਉਪਰ ਰੁੱਖ ਲਗਾਉਣ ਦੇ ਨਾਲ-ਨਾਲ ਡੇਅਰੀਆਂ ਵਲੋਂ ਸੁੱਟੇ ਜਾਣ ਵਾਲੇ ਗੋਹੇ ਅਤੇ ਸਾਲਾਂ ਤੋਂ ਜੰਮੀ ਹੋਈ ਗਾਰ ਨੂੰ ਵੀ ਸਾਫ਼ ਕਰਵਾਇਆ ਜਾ ਰਿਹਾ ਹੈ | ਇਸ ਸਭ ਦੇ ਬਾਵਜੂਦ ਵੀ ਬੁੱਢਾ ਦਰਿਆ ਪੂਰੀ ਤਰ੍ਹਾਂ ਗੰਦਗੀ ਅਤੇ ਕਾਲੇ ਜ਼ਹਿਰੀਲੇ ਪਾਣੀ ਤੋਂ ਮੁਕਤੀ ਪਾਉਣ 'ਚ ਅਸਫਲ ਵਿਖਾਈ ਦੇ ਰਿਹਾ ਹੈ | ਇਸ ਨੂੰ ਲੈ ਕੇ ਵਾਤਵਰਣ ਪੇ੍ਰਮੀਆਂ ਦਾ ਮੰਨਣਾ ਹੈ ਕਿ ਆਖਿਰ ਕਦ ਤੱਕ ਬੁੱਢੇ ਦਰਿਆ ਤੇ ਹੁੰਦੀ ਰਹੇਗੀ ਸਿਆਸਤ ਅਤੇ ਚੜਦਾ ਰਹੇਗਾ ਰਾਜਨੀਤੀ ਦੀ ਭੇਟ | ਬੁੱਢੇ ਦਰਿਆ ਦੀ ਗੰਦਗੀ ਅਤੇ ਕਾਲੇ ਜ਼ਹਿਰੀਲੇ ਪਾਣੀ ਨੂੰ ਲੈ ਕੇ ਜਿਥੇ ਵਾਤਾਵਰਨ ਪ੍ਰੇਮੀ ਸੰਸਥਾਵਾਂ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਵਲੋਂ ਬੁੱਢੇ ਦਰਿਆ ਦੇ ਕਾਲੇ ਜ਼ਹਿਰੀਲੇ ਪਾਣੀਆਂ ਅਤੇ ਗੰਦਗੀ ਲਈ ਸ਼ਹਿਰ ਦੀਆਂ ਰੰਗਾਈ ਇਕਾਈਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕੌਮੀ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) 'ਚ ਪਟੀਸ਼ਨਾਂ ਪਾਈਆਂ ਹੋਈਆਂ ਹਨ, ਉਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਡੇਅਰੀਆਂ ਦੇ ਗੋਹੇ ਨੂੰ ਬੁੱਢੇ ਦਰਿਆ ਦੀ ਗੰਦਗੀ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ | ਦੋਵੇਂ ਧਿਰਾਂ ਦੇ ਇਸ ਟਕਰਾਅ 'ਚ ਰੰਗਾਈ ਇਕਾਈਆਂ ਨੂੰ ਸਰਕਾਰ ਦਾ ਸਾਥ ਮਿਲਦਾ ਵਿਖਾਈ ਦਿੰਦਾ ਹੈ, ਕਿਉਂਕਿ ਕੌਮੀ ਗ੍ਰੀਨ ਟਿ੍ਬਿਊਨਲ ਵਲੋਂ ਕਈ ਮਹੀਨੇ ਪਹਿਲਾਂ ਹੀ ਰੰਗਾਈ ਇਕਾਈਆਂ ਦਾ ਰਸਾਇਣਾਂ ਵਾਲਾ ਪਾਣੀ ਬੁੱਢੇ ਦਰਿਆ 'ਚ ਕਿਸੇ ਵੀ ਰੂਪ 'ਚ ਸੁੱਟੇ ਜਾਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਏ ਜਾਣ ਦੇ ਬਾਅਦ ਵੀ ਐਨ.ਜੀ.ਟੀ. ਦੇ ਹੁਕਮਾਂ ਨੂੰ ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ ਵਲੋਂ ਲਾਗੂ ਨਾ ਕਰਵਾਉਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ | ਸਭ ਤੋਂ ਵੱਡਾ ਸਵਾਲ ਕਿ ਰੰਗਾਈ ਇਕਾਈਆਂ ਨੂੰ ਬੁੱਢੇ ਦਰਿਆ 'ਚ ਸੁੱਟੇ ਜਾਂਦੇ ਜ਼ਹਿਰੀਲੇ ਰਸਾਇਣਾਂ ਵਾਲੇ ਪਾਣੀ ਦੇ ਚੱਲਦੇ ਜ਼ਿੰਮੇਵਾਰ ਕਿਉਂ ਨਹੀਂ ਮੰਨਿਆ ਜਾ ਰਿਹਾ | ਾਰੰਗਾਈ ਇਕਾਈਆਂ ਦੇ ਬੁੱਢੇ ਦਰਿਆ 'ਚ ਪੈਣ ਵਾਲੇ ਪਾਣੀ ਨੂੰ ਰੋਕਣ ਦੇ ਹੁਕਮ ਲਾਗੂ ਕਿਉਂ ਨਹੀਂ ਹੋਏ? ਇਸ ਸਾਰੀ ਅਣਦੇਖੀ ਤੋਂ ਦੁਖੀ ਹੋਏ ਪਬਲਿਕ ਐਕਸ਼ਨ ਕਮੇਟੀ ਵਲੋਂ ਮੁੜ ਤੋਂ ਐਨ.ਜੀ.ਟੀ. ਦਾ ਰੁੱਖ ਕੀਤੇ ਜਾਣ ਦੀ ਵੀ ਚਰਚਾ ਹੈ |
ਸਬੰਧਿਤ ਅਧਿਕਾਰੀ ਗੂੜੀ ਨੀਂਦ 'ਚ ਜਾਂ ਫਿਰ ਮਿਲੀਭੁਗਤ-ਬੈਨੀਪਾਲ
ਬੁੱਢੇ ਦਰਿਆ ਨੂੰ ਗੰਦਲਾ ਕਰਨ ਵਾਲਿਆਂ ਅਤੇ ਆਪਣੀ ਜਿੰਮੇਵਾਰੀਆਂ ਤੋਂ ਭੱਜਣ ਵਾਲਿਆਂ ਨੂੰ ਕਿਤੇ ਵੀ ਢੋਈ ਨਹੀਂ ਮਿਲਣ ਦੀ ਗੱਲ ਕਰਦੇ ਹੋਏ ਪੀ.ਏ.ਸੀ. ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਆਖਿਆ ਜਰੂਰਤ ਹੈ ਕਿ ਬੁੱਢੇ ਨਾਲੇ ਨੂੰ ਮੁੜ ਬੁੱਢੇ ਦਰਿਆ ਦਾ ਰੂਪ ਦੇਣ ਦੀ ਜਿਸ ਨੂੰ ਲੈ ਕੇ ਸਮੇਂ ਦੀਆਂ ਸਰਕਾਰਾਂ ਲੰਬੇ ਸਮੇਂ ਤੋਂ ਬੁੱਢੇ ਦਰਿਆ ਤੇ ਰਾਜਨੀਤੀ ਕਰਦੀਆਂ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਬੁੱਢੇ ਦਰਿਆ ਦਾ ਗੰਦਲਾ ਪਾਣੀ ਜਦ ਵਲੀਪੁਰ ਪੁਆਇੰਟ ਤੇ ਸਤਲੁਜ ਦਰਿਆ ਵਿਚ ਜਾਕੇ ਡਿੱਗਦਾ ਹੈ ਤਾਂ ਸਤਲੁੱਜ ਦਰਿਆ ਦੇ ਪਾਣੀ ਨੂੰ ਵੀ ਜਹਿਰੀਲਾ ਕਰ ਰਿਹਾ ਹੈ, ਜੋ ਕਿ ਕਈ ਕਿਸਮ ਦੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ | ਇਸ ਮਾਮਲੇ ਨੂੰ ਲੈ ਕੇ ਅੱਜ ਵੀ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਮਾਮਲਾ ਜਿੳਾ ਦੀ ਤਿਉਂ ਹੀ ਬ ਣਿਆ ਹੋਇਆ ਹੈ | ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ ਕਿ ਕੀ ਸਬੰਧਿਤ ਅਧਿਕਾਰੀ ਗੂੜੀ ਨੀਂਦ ਸੋ ਰਹੇ ਹਨ, ਜਾਂ ਫਿਰ ਸਭ ਕੁੱਝ ਮਿਲੀ ਭੁਗਤ ਨਾਲ ਹੀ ਚੱਲ ਰਿਹਾ ਹੈ | ਇਸ ਬਾਰੇ ਤਾਂ ਸਬੰਧਿਤ ਅਧਿਕਾਰੀ ਹੀ ਦੱਸ ਸਕਦੇ ਹਨ, ਕਿ ਡਾਇੰਗ ਯੂਨਿਟਾਂ ਦਾ ਜਹਿਰੀਲਾ ਪਾਣੀ ਅਤੇ ਡਾਇਰੀਆਂ 'ਚ ਨਿਕਲਣ ਵਾਲੀ ਰਹਿੰਦ ਖੂੰਹਦ ਕਿਸ ਦੀ ਸਹਿ 'ਤੇ ਬੁੱਢੇ ਨਾਲੇ ਵਿਚ ਡਿੱਗ ਰਹੀ |