ਲੁਧਿਆਣਾ, 24 ਅਪ੍ਰੈਲ (ਜਤਿੰਦਰ ਭੰਬੀ)-ਹਲਕਾ ਆਤਮ ਨਗਰ 'ਚ ਭਾਜਪਾ ਨੂੰ ਉਸ ਸਮੇਂ ਝਟਕਾ ਲੱਗਿਆ, ਜਦੋਂ ਅੰਬੇਦਕਰ ਨਗਰ ਇਲਾਕੇ ਦੀ ਪ੍ਰਮੁੱਖ ਸ਼ਖਸੀਅਤ ਅਤੇ ਸੀਨੀਅਰ ਆਗੂ ਡਾ. ਸੁਰਜੀਤ ਸਿੰਘ ਨੇ ਭਾਜਪਾ ਨੂੰ ਅਲਵਿਦਾ ਆਖ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ | ਸਮਾਗਮ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੇ ਡਾ. ਸੁਰਜੀਤ ਸਿੰਘ ਨੂੰ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਸਵਾਗਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਵੜਿੰਗ ਨੇ ਕਿਹਾ ਕਿ ਡਾ. ਸੁਰਜੀਤ ਸਿੰਘ ਵਰਗੇ ਮਿਹਨਤੀ, ਇਮਾਨਦਾਰ ਅਤੇ ਲੋਕ-ਪੱਖੀ ਆਗੂ ਦੀ ਕਾਂਗਰਸ ਵਿਚ ਵਾਪਸੀ ਨਾਲ ਪਾਰਟੀ ਨੂੰ ਹਲਕਾ ਆਤਮ ਨਗਰ ਵਿਚ ਬੇਹੱਦ ਮਜ਼ਬੂਤੀ ਮਿਲੀ ਹੈ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਕਾਂਗਰਸ ਵਿਚ ਸ਼ਾਮਿਲ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਕਿ ਕਾਂਗਰਸ ਦਿਨ-ਬ-ਦਿਨ ਮਜ਼ਬੂਤ ਹੋ ਰਹੀ ਹੈ, ਜਿਸ ਦਾ ਨਤੀਜਾ ਇਹ ਹੋਵੇਗਾ ਕਿ 2027 ਵਿਚ ਲੋਕ ਕਾਂਗਰਸ ਦੇ ਹੱਥ ਮਜ਼ਬੂਤ ਕਰਕੇ ਸਰਕਾਰ ਬਣਾਉਣਗੇ | ਸੀਨੀਅਰ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਡਾ. ਸੁਰਜੀਤ ਸਿੰਘ ਦਾ ਆਪਣੇ ਸਾਥੀਆਂ ਸਮੇਤ ਆਉਣਾ ਇਹ ਸਪੱਸ਼ਟ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਵੱਡੀ ਜਿੱਤ ਦਰਜ ਕਰੇਗੀ | ਡਾ. ਸੁਰਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਭਾਜਪਾ ਦੀ ਕਾਰਜਪ੍ਰਣਾਲੀ ਤੋਂ ਬੇਹੱਦ ਦੁਖੀ ਹੋ ਗਏ ਸਨ, ਜਿਸ ਕਰਕੇ ਉਨ੍ਹਾਂ ਕਾਂਗਰਸ ਵਿਚ ਘਰ ਵਾਪਸੀ ਕੀਤੀ ਹੈ, ਜੋ ਕਿ ਹਰ ਧਰਮ ਅਤੇ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੇ ਵੀ ਡਾ. ਸੁਰਜੀਤ ਸਿੰਘ ਦਾ ਸਵਾਗਤ ਕੀਤਾ ਅਤੇ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਅੰਬੇਦਕਰ ਨਗਰ ਅਤੇ ਦੁੱਗਰੀ ਰੋਡ ਦੇ ਕਈ ਪ੍ਰਮੁੱਖ ਆਗੂ, ਵਾਰਡ ਇੰਚਾਰਜ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਨਾਅਰੇਬਾਜ਼ੀ ਕਰਕੇ ਇਸ ਸ਼ਮੂਲੀਅਤ ਦਾ ਭਰਪੂਰ ਸਵਾਗਤ ਕੀਤਾ |