ਲੁਧਿਆਣਾ, 24 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮਹੱਤਵਪੂਰਨ ਮੀਟਿੰਗ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਡਿਪਟੀ ਮੇਅਰ ਪਿ੍ੰਸ ਜੌਹਰ ਦੀ ਅਗਵਾਈ ਹੇਠ ਮੇਅਰ ਕੈਂਪ ਦਫ਼ਤਰ ਵਿਖੇ ਹੋਈ, ਜਿਸ ਵਿਚ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਵਿਕਾਸ ਕਾਰਜਾਂ ਨੰੂ ਤੇਜ਼ੀ ਦੇਣ ਲਈ ਅਹਿਮ ਫ਼ੈਸਲੇ ਲਏ ਗਏ | ਮੀਟਿੰਗ ਦੌਰਾਨ ਲਗਭਗ 263 ਪ੍ਰਸਤਾਵਾਂ ਨੰੂ ਮਨਜ਼ੂਰੀ ਦਿੱਤੀ ਗਈ ਅਤੇ ਉਨ੍ਹਾਂ ਨਾਲ ਸੰਬੰਧਿਤ ਵਰਕ ਆਰਡਰ ਵੀ ਜਾਰੀ ਕੀਤੇ ਗਏ | ਇਸ ਤੋਂ ਇਲਾਵਾ ਮੀਟਿੰਗ ਦੇ ਅਖੀਰਲੇ ਦਿਨ 64 ਹੋਰ ਪ੍ਰਸਤਾਵਾਂ ਨੰੂ ਵੀ ਮੈਂਬਰਾਂ ਵਲੋਂ ਮਨਜ਼ੂਰੀ ਮਿਲੀ | ਮਨਜ਼ੂਰ ਕੀਤੇ ਗਏ ਪ੍ਰਸਤਾਵਾਂ ਵਿਚ ਵੱਖ ਵੱਖ ਵਾਰਡਾਂ ਵਿਚ ਇੰਟਰਲਾਕ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਦੇ ਕੰਮ ਸ਼ਾਮਿਲ ਹਨ | ਇਸਤੋਂ ਇਲਾਵਾ ਜ਼ੋਨ ਏ. ਵਿਚ ਕਮਰਾ ਨੰਬਰ 33 ਦੇ ਨਵੀਨੀਕਰਨ, ਸਰਕਾਰੀ ਗਰਲਜ਼ ਕਾਲਜ ਵਿਚ ਨਵੇਂ ਕਮਰੇ ਬਣਾਉਣ ਅਤੇ ਜ਼ੋਨ ਸੀ ਵਿਚ ਬੀ. ਐਂਡ ਆਰ. ਬਰਾਂਚ ਦੇ ਬੇਲਦਾਰਾਂ ਦੀ ਸਮਾਂ ਮਿਆਦ ਇਕ ਸਾਲ ਹੋਰ ਵਧਾਉਣ ਦੇ ਪ੍ਰਸਤਾਵਾਂ ਨੰੂ ਵੀ ਮਨਜ਼ੂਰੀ ਦਿੱਤੀ ਗਈ | ਇਸਦੇ ਨਾਲ ਹੀ ਸ਼ਹਿਰ ਦੇ ਪਾਰਕਾਂ ਦੀ ਮੁਰੰਮਤ ਨਾਲ ਸੰਬੰਧਿਤ ਪ੍ਰਸਤਾਵ ਵੀ ਪਾਸ ਕੀਤੇ ਗਏ ਹਨ | ਇਸ ਮੌਕੇ ਹਲਕਾ ਕੇਂਦਰੀ ਦੇ 14 ਤੋਂ ਵੱਧ ਵਿਕਾਸ ਕੰਮਾਂ ਦੇ ਪ੍ਰਸਤਾਵਾਂ ਨੰੂ ਪਾਸ ਕੀਤਾ ਗਿਆ | ਮੀਟਿੰਗ ਦਾ ਮੁੱਖ ਟੀਚਾ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣਾ ਅਤੇ ਬੁਨਿਆਦੀ ਢਾਂਚੇ ਨੰੂ ਮਜ਼ਬੂਤ ਕਰਨਾ ਰਿਹਾ | ਇਸ ਮੌਕੇ ਨਗਰ ਨਿਗਮ ਕਮਿਸ਼ਨਰ ਡਾ.ਨੀਰੂ ਕਤਿਆਲ ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |