ਲੁਧਿਆਣਾ, 24 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸ਼ਰਾਬ ਪੀਣ ਤੋਂ ਰੋਕਣ 'ਤੇ ਨੌਜਵਾਨ ਵਲੋਂ ਆਪਣੀ ਮਹਿਲਾ ਦੋਸਤ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਕਵਿਤਾ ਚੌਧਰੀ ਨੇ ਦੱਸਿਆ ਕਿ ਉਹ ਆਪਣੇ ਪਤੀ ਨੂੰ ਦੱਸੇ ਬਗੈਰ ਪਿਛਲੇ 1 ਸਾਲ ਤੋਂ ਆਪਣੇ ਦੋਸਤ ਆਨੰਦ ਚੌਧਰੀ ਨਾਲ ਰਹਿ ਰਹੀ ਹੈ | ਪਿਛਲੇ ਦਿਨੀਂ ਆਨੰਦ ਕੁਮਾਰ ਘਰ ਬੈਠ ਕੇ ਸ਼ਰਾਬ ਪੀ ਰਿਹਾ ਸੀ, ਜਦੋਂ ਉਸ ਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਉਸ ਨੇ ਵਾਲ ਕੱਟਣ ਵਾਲੀ ਮਸ਼ੀਨ ਨਾਲ ਉਸ ਦੇ ਸਿਰ ਦੇ ਵਾਲ ਕੱਟ ਦਿੱਤੇ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ | ਲੋਹਾ ਰਾਡ ਦਾ ਵਾਰ ਕਰਕੇ ਉਸ ਦੀ ਬਾਂਹ ਤੋੜ ਦਿੱਤੀ ਅਤੇ ਉਹ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਹੈ | ਜਾਂਚ ਅਧਿਕਾਰੀ ਹੌਲਦਾਰ ਅਰਪਿਤ ਪਾਸੀ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਆਨੰਦ ਚੌਧਰੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ |