ਲੁਧਿਆਣਾ, 26 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਸੁਰਜੀਤ ਨਗਰ ਇਲਾਕੇ ਵਿਚ ਸੰਗਮ ਪੈਲੇਸ ਦੇ ਨਜ਼ਦੀਕ ਸਵੇਰੇ ਦੋ ਅਣਪਛਾਤੇ ਐਕਟੀਵਾ ਸਵਾਰਾਂ ਵਲੋਂ ਇਕ ਕਾਰ ਨੰੂ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ, ਜਦਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਸੁਰਜੀਤ ਨਗਰ ਵਿਚ ਇਕ ਘਰ ਦੇ ਬਾਹਰ ਖੜੀ ਕਾਰ ਨੰੂ ਨਿਸ਼ਾਨਾ ਬਣਾਇਆ ਗਿਆ ਹੈ | ਦੋ ਵਿਅਕਤੀ ਐਕਟੀਵਾ 'ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਵਿਚੋਂ ਇਕ ਨੇ ਐਕਟੀਵਾ ਤੋਂ ਉਤਰ ਕੇ ਕਾਰ 'ਤੇ ਜਲਨਸ਼ੀਲ ਪਦਾਰਥ ਸੁੱਟਿਆ ਅਤੇ ਅੱਗ ਲਗਾ ਦਿੱਤੀ | ਇਸ ਤੋਂ ਬਾਅਦ ਦੋਵੇਂ ਮੌਕੇ 'ਤੇ ਫ਼ਰਾਰ ਹੋ ਗਏ | ਇਹ ਸਾਰੀ ਘਟਨਾ ਨੇੜਲੇ ਘਰਾਂ ਵਿਚ ਲੱਗੇ ਸੀ.ਸੀ. ਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ | ਪੁਲਿਸ ਵਲੋਂ ਫੁਟੇਜ ਹਾਸਲ ਕਰਕੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਲਾਕੇ ਦੇ ਹੋਰ ਕੈਮਰੇ ਵੀ ਖੰਘਾਲੇ ਜਾ ਰਹੇ ਹਨ | ਕਾਰ ਦੇ ਮਾਲਕ ਸਾਰਥਕ ਮਲਹੋਤਰਾ ਨੇ ਦੱਸਿਆ ਕਿ ਸਵੇਰੇ ਅਚਾਨਕ ਉਨ੍ਹਾਂ ਨੰੂ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ, ਜਦ ਉਹ ਘਰ ਤੋਂ ਬਾਹਰ ਆਏ ਤਾਂ ਉਨ੍ਹਾਂ ਦੀ ਕਾਰ ਅੱਗ ਦੀ ਲਪੇਟ ਵਿਚ ਸੀ | ਘਰ ਦੇ ਮੈਂਬਰਾਂ ਨੇ ਤੁਰੰਤ ਪਾਣੀ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ | ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਲਗਭਗ 6 ਮਹੀਨੇ ਪਹਿਲਾਂ ਵੀ ਉਨ੍ਹਾਂ ਦੀ ਕਾਰ ਨੰੂ ਇਸੇ ਤਰ੍ਹਾਂ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ | ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ | ਇਲਾਕਾ ਨਿਵਾਸੀਆਂ ਨੇ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ |