ਲੁਧਿਆਣਾ, 28 ਅਪ੍ਰੈਲ (ਜਤਿੰਦਰ ਭੰਬੀ)-ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਦੇ ਸਾਂਝੇ ਸੱਦੇ 'ਤੇ ਚੱਲ ਰਹੇ 'ਵਰਕ ਟੂ ਰੂਲ' ਦੀ ਪਾਲਨਾ ਕਰ ਰਹੇ ਨੂਰਵਾਲਾ ਸਬ ਸਟੇਸ਼ਨ ਦੇ ਇੰਚਾਰਜ ਜੇ.ਈ. ਬਲਵੀਰ ਚੰਦ ਨੂੰ ਬਿਨਾ ਵਜ੍ਹਾ ਸਸਪੈਂਡ ਕਰਨ ਦੇ ਦੋਸ਼ ਲਗਾਉਂਦੇ ਹੋਏ ਮੁਲਾਜ਼ਮ ਜੱਥੇਬੰਦੀਆਂ ਨੇ ਪੀ ਐਂਡ ਐਮ ਪੰਜਾਬ ਦੇ ਚੀਫ਼ ਇੰਜੀਨੀਅਰ ਪੁਨਰਦੀਪ ਸਿੰਘ ਬਰਾੜ ਦੇ ਦਫ਼ਤਰ ਦੇ ਬਾਹਰ ਗੇਟ ਉਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਜੇ.ਈ. ਬਲਵੀਰ ਚੰਦ ਨੂੰ ਉਸੇ ਜਗ੍ਹਾ ਡਿਊਟੀ 'ਤੇ ਬਹਾਲ ਕਰਨ ਦੀ ਮੰਗ ਕੀਤੀ | ਉਨ੍ਹਾਂ ਭੁੱਲਰ 'ਤੇ ਕਥਿਤ ਤੌਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਿਜਲੀ ਸਪਲਾਈ ਕਈ ਘੰਟੇ ਬੰਦ ਰਹਿਣ ਦੇ ਅਸਲ ਜ਼ਿੰਮੇਵਾਰ ਐਸ.ਐਸ.ਈ. ਯਾਦਵਿੰਦਰ ਪਾਲ ਸਿੰਘ ਭੁੱਲਰ ਹਨ, ਨਾ ਕਿ ਬਲਬੀਰ ਚੰਦ | ਇਸ ਕਰਕੇ ਅਸਲ ਜ਼ਿੰਮੇਵਾਰ ਐਸ.ਐਸ.ਈ. ਯਾਦਵਿੰਦਰ ਪਾਲ ਸਿੰਘ ਭੁੱਲਰ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਭੁੱਲਰ ਦੀ ਅਯੋਗਤਾ ਕਾਰਨ ਇਹ ਫੀਡਰ ਕਈ ਘੰਟੇ ਬੰਦ ਰਿਹਾ, ਪਰ ਕਸੂਰਵਾਰ ਐਸ.ਐਸ.ਈ. ਭੁੱਲਰ ਦੀ ਚਿੱਠੀ ਉਤੇ ਕਾਰਵਾਈ ਕਰਦਿਆਂ ਚੀਫ਼ ਇੰਜੀਨੀਅਰ ਪੀ ਐਂਡ ਐਮ ਪੁਨਰਦੀਪ ਸਿੰਘ ਬਰਾੜ ਨੇ ਬੇਕਸੂਰ ਬਲਬੀਰ ਚੰਦ ਨੂੰ ਸਸਪੈਂਡ ਕਰ ਦਿੱਤਾ | ਉਨ੍ਹਾਂ ਕਿਹਾ ਕਿ ਮੀਡੀਆ ਨੂੰ ਗੁੰਮਰਾਹ ਕਰਨ ਦੇ ਮਨੋਰਥ ਨਾਲ ਚੀਫ਼ ਇੰਜੀਨੀਅਰ ਸਮੇਤ ਹਾਜ਼ਰ ਹੋਰਨਾਂ ਅਧਿਕਾਰੀਆਂ ਨੇ ਬਲਬੀਰ ਚੰਦ ਨੂੰ ਇਹ ਕਹਿ ਕੇ ਕਸੂਰਵਾਰ ਬਣਾਉਣ ਦੀ ਨਾਪਾਕ ਕੋਸ਼ਿਸ਼ ਕੀਤੀ ਕਿ ਉਸ ਨੇ ਪਹਿਲਾਂ ਕੁਤਾਹੀਆਂ ਕੀਤੀਆਂ ਹੋਈਆਂ ਹਨ | ਇਸ ਮਾਮਲੇ ਨੂੰ ਲੈ ਕੇ ਚੀਫ਼ ਇੰਜੀਨੀਅਰ ਪੁਨਰਜੀਤ ਸਿੰਘ ਬਰਾੜ ਨੇ ਆਗੂਆਂ ਨਾਲ ਮੀਟਿੰਗ ਕੀਤੀ | ਮੁਲਾਜ਼ਮ ਆਗੂਆਂ ਨੇ ਉਨ੍ਹਾਂ ਤੋਂ ਮੰਗ ਕੀਤੀ ਕਿ ਬਲਬੀਰ ਚੰਦ ਦੀ ਸਸਪੈਂਸ਼ਨ ਤੁਰੰਤ ਰੱਦ ਕਰਕੇ ਉਸ ਨੂੰ ਨੂਰਵਾਲਾ ਸਬ ਸਟੇਸ਼ਨ ਉਤੇ ਹੀ ਨਿਯੁਕਤ ਕੀਤਾ ਜਾਵੇ ਤੇ ਸਾਰੇ ਮਾਮਲੇ ਦੇ ਜ਼ਿੰਮੇਵਾਰ ਐਸ.ਐਸ.ਈ. ਯਾਦਵਿੰਦਰ ਸਿੰਘ ਭੁੱਲਰ ਉਤੇ ਕਾਰਵਾਈ ਕਰਦਿਆਂ ਤੁਰੰਤ ਸਸਪੈਂਡ ਕੀਤਾ ਜਾਵੇ | ਜਦ ਇਸ ਸਬੰਧੀ ਚੀਫ਼ ਇੰਜੀਨੀਅਰ ਪੀ ਐਂਡ ਐਮ ਪੁਨਰਦੀਪ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਹੋ ਗਈ ਹੈ, ਇਕ ਅੱਧੇ ਦਿਨ ਤੱਕ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ |
ਮਾਮਲਾ ਜੇ.ਈ. ਬਲਬੀਰ ਚੰਦ ਨੂੰ ਬਹਾਲ ਕਰਨ ਦਾ <br> ਮੁਲਾਜ਼ਮ ਜਥੇਬੰਦੀਆਂ ਨੇ ਚੀਫ਼ ਇੰਜੀਨੀਅਰ ਦੇ ਗੇਟ ਬਾਹਰ ਕੀਤਾ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
29-04-2026