ਲੁਧਿਆਣਾ, 28 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਭਦੌੜ ਹਾਊਸ ਸਥਿਤ ਇੱਕ ਕੱਪੜੇ ਦੀ ਦੁਕਾਨ ਵਿਚੋਂ ਚੋਰਾਂ ਵੱਲੋਂ 5 ਲੱਖ ਦੀ ਨਗਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਤੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਉਸ ਵਕਤ ਵਾਪਰੀ ਜਦੋਂ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਹਰ ਜੀ ਕਰੇਸ਼ਨ ਅੰਦਰ ਦਾਖਲ ਹੋਏ ਅਤੇ ਉੱਥੇ ਪਈ 5 ਲੱਖ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ | ਘਟਨਾ ਦਾ ਪਤਾ ਉਸ ਵਕਤ ਲੱਗਿਆ ਜਦੋਂ ਮਾਲਕ ਕਮਲਜੀਤ ਸਿੰਘ ਅਤੇ ਵਰਕਰ ਉੱਥੇ ਆਏ | ਉਨਾਂ ਨੇ ਸ਼ਟਰ ਟੁੱਟਾ ਦੇਖਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ | ਸੂਚਨਾ ਮਿਲਦਿਆਂ ਐਸਐਚਓ ਪਰਮਵੀਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਉਥੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਕੁਝ ਔਰਤਾਂ ਦੁਕਾਨ ਦੇ ਨੇੜੇ ਸ਼ੱਕੀ ਹਾਲਾਤਾਂ ਵਿਚ ਘੁੰਮਦੀਆਂ ਦਿਖਾਈ ਦੇ ਰਹੀਆਂ ਹਨ | ਪੁਲਿਸ ਨੇ ਸ਼ੱਕ ਪ੍ਰਗਟ ਕੀਤਾ ਕਿ ਇਹਨਾਂ ਔਰਤਾਂ ਵੱਲੋਂ ਹੀ ਦੁਕਾਨ ਵਿਚ ਚੋਰੀ ਕੀਤੀ ਗਈ ਹੋਵੇਗੀ | ਹਾਲ ਦੀ ਘੜੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪਰ ਦੇਰ ਸ਼ਾਮ ਤੱਕ ਚੋਰਾਂ ਦਾ ਸੁਰਾਖ ਨਹੀਂ ਲੱਗਾ ਸੀ | ਐਸ.ਐਚ.ਓ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ | ਚੋਰੀ ਦੀ ਇਸ ਘਟਨਾ ਕਾਰਨ ਇਲਾਕੇ ਦੇ ਦੁਕਾਨਦਾਰਾਂ ਵਿਚ ਭਾਰੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ |