ਲੁਧਿਆਣਾ, 28 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਹਲਕਾ ਕੇਂਦਰੀ ਦੇ ਇਲਾਕੇ ਹਰਬੰਸਪੁਰਾ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਅਕਾਲੀ ਆਗੂਆਂ ਦੀ ਮੀਟਿੰਗ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਨੇਕ ਸਿੰਘ ਸੇਖੇਵਾਲ ਅਤੇ ਗਗਨਦੀਪ ਸਿੰਘ ਮਿੱਠੂ ਅਰੋੜਾ ਨੇ ਕੀਤੀ | ਇਸ ਮੌਕੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਸੰਬੰਧਿਤ ਕਰਦਿਆਂ ਨੇਕ ਸਿੰਘ ਸੇਖੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ ਅਤੇ ਲੋਕ ਸੂਬਾ ਸਰਕਾਰ ਤੋਂ ਦੁਖੀ ਹਨ | ਉਨਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਘਰ ਘਰ ਜਾ ਕੇ ਪ੍ਰਚਾਰ ਕਰਨ | ਉਨਾਂ ਦੱਸਿਆ ਕਿ ਪਿਛਲੇ ਦਿਨੀਂ ਅਕਾਲੀ ਦਲ ਵਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਕੀਤੀਆਂ ਗਈਆਂ ਰੈਲੀਆਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ | ਇਸ ਮੌਕੇ ਗਗਨਦੀਪ ਸਿੰਘ ਮਿੱਠੂ ਅਰੋੜਾ, ਦਵਿੰਦਰ ਸਿੰਘ ਕਾਕਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਭੁਪਿੰਦਰ ਸਿੰਘ ਭਿੰਦਾ, ਹਰਪਾਲ ਸਿੰਘ ਕੋਹਲੀ, ਹਰਜੀਤ ਸਿੰਘ ਰਾਜਾ ਜੰਗ, ਕੌਂਸਲਰ ਕਮਲ ਅਰੋੜਾ, ਅਸ਼ੋਕ ਮਲਹੋਤਰਾ, ਸਿਮਰਨ ਓਬਰਾਏ, ਸਿਮਰ ਚੰਡੋਕ, ਬੀਬੀ ਨਰਿੰਦਰ ਕੌਰ ਲਾਂਬਾ ਅਤੇ ਤਰਨਦੀਪ ਸੰਨੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਿਲ ਸਨ |