ਇਆਲੀ/ਥਰੀਕੇ, 28 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਥਰੀਕੇ ਵਿਖੇ ਅੱਜ ਇਕ ਰਿਹਾਇਸ਼ੀ ਘਰ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ, ਜਿਸ ਨਾਲ ਕਮਰੇ ਵਿਚ ਪਿਆ ਸਾਰਾ ਸਾਮਾਨ ਸਾੜ ਕੇ ਸਵਾਹ ਹੋ ਗਿਆ, ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ | ਫਾਇਰ ਬਿ੍ਗੇਡ ਦੇ ਪਹੁੰਚਣ ਤੱਕ ਪਿੰਡ ਦੇ ਲੋਕਾਂ ਵਲੋਂ ਪਾਣੀ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ | ਘਰ ਦੇ ਮਾਲਕ ਗੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਮਰੇ ਵਿਚ ਲੱਗੇ ਸੀ.ਸੀ. ਟੀਵੀ ਦੇ ਡੀ.ਵੀ.ਆਰ. ਅਤੇ ਐਲ.ਸੀ.ਡੀ. ਦੀਆਂ ਤਾਰਾਂ ਦਾ ਸਰਕਟ ਸ਼ਾਰਟ ਹੋਣ ਨਾਲ ਅੱਗ ਇਕਦਮ ਭੜਕ ਗਈ, ਜਿਸ 'ਤੇ ਆਸ-ਪਾਸ ਦੇ ਘਰਾਂ ਦੇ ਲੋਕਾਂ ਵਲੋਂ ਪਾਣੀ ਵਾਲੀਆਂ ਪਾਈਪਾਂ ਨਾਲ ਪਾਣੀ ਦੀਆਂ ਬੁਸ਼ਾਰਾਂ ਪਾ ਕੇ ਬੜੀ ਹੀ ਮੁਸ਼ਕਿਲ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ |