ਲੁਧਿਆਣਾ, 28 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਆਮ ਆਦਮੀ ਪਾਰਟੀ ਦੀ ਅੰਦਰੂਨੀ ਟੁੱਟ ਹੁਣ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ ਤੇ ਦਿੱਲੀ ਦੇ ਆਗੂ ਪੰਜਾਬ 'ਤੇ ਬੋਝ ਬਣ ਗਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ ਨੇ ਸਥਾਨਕ ਭਾਜਪਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ 'ਆਪ' ਦੇ ਕਈ ਆਗੂ ਲੋਕਾਂ ਦੇ ਭਰੋਸੇ ਨਾਲ ਖਿਲਵਾੜ ਕਰਦੇ ਹੋਏ ਆਪਣੇ ਰਾਜਨੀਤਿਕ ਲਾਭ ਲਈ ਸਿਧਾਂਤਾਂ ਨਾਲ ਸਮਝੌਤਾ ਕਰ ਰਹੇ ਹਨ | ਕਾਲੀਆ ਨੇ ਅਰਵਿੰਦ ਕੇਜਰੀਵਾਲ ਨੰੂ ਨਸੀਹਤ ਦਿੰਦਿਆਂ ਕਿਹਾ ਕਿ ਉਹ ਦੋਸ਼ ਲਗਾਉਣ ਤੋਂ ਉਪਰ ਉਠ ਕੇ ਸੋਚਣ ਕਿ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਕਿਉਂ ਦੂਰ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਪਾਰਟੀ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ 22 ਤੋਂ ਵੱਧ ਵੱਡੇ ਚਿਹਰੇ ਜਿਵੇਂ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਕੁਮਾਰ ਵਿਸ਼ਵਾਸ, ਮੇਧਾ ਪਾਟਕਰ, ਕਪਿਲ ਮਿਸ਼ਰਾ, ਅਲਕਾ ਲਾਂਬਾ, ਡਾ. ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਐਚ.ਐਸ. ਫੁਲਕਾ ਅਤੇ ਗੁਰਪ੍ਰੀਤ ਸਿੰਘ ਘੁੱਗੀ ਪਾਰਟੀ ਨੰੂ ਛੱਡ ਚੁੱਕੇ ਹਨ | ਕਾਲੀਆ ਨੇ ਕਿਹਾ ਕਿ 'ਆਪ' ਦੀ ਪੈਦਾਇਸ਼ ਅੰਨਾ ਹਜਾਰੇ ਦੇ ਇੰਡੀਆ ਅਗੇਂਸਟ ਕਰੱਪਸ਼ਨ ਅੰਦੋਲਨ ਤੋਂ ਹੋਈ ਸੀ, ਪਰ ਬਾਅਦ ਵਿਚ ਉਸ ਅੰਦੋਲਨ ਦੀ ਮੂਲ ਆਤਮਾ ਨੰੂ ਪਿੱਛੇ ਛੱਡ ਦਿੱਤਾ ਗਿਆ | ਉਨ੍ਹਾਂ ਦਾਅਵਾ ਕੀਤਾ ਕਿ 2024 ਦੇ ਨਗਰ ਨਿਗਮ ਚੋਣਾਂ ਵਿਚ ਅੰਮਿ੍ਤਸਰ, ਜਲੰਧਰ ਅਤੇ ਲੁਧਿਆਣਾ ਵਿਚ 'ਆਪ' ਬਹੁਮਤ ਹਾਸਲ ਕਰਨ ਵਿਚ ਅਸਫਲ ਰਹੀ, ਜੋ ਲੋਕਾਂ ਦਾ ਫ਼ੈਸਲਾ ਦਰਸਾਉਂਦਾ ਹੈ | ਕਾਲੀਆ ਨੇ ਦੋਸ਼ ਲਗਾਇਆ ਕਿ ਹਾਰ ਤੋਂ ਬਾਅਦ ਵੀ ਪਾਰਟੀ ਨੇ ਹੋਰ ਪਾਰਟੀਆਂ ਦੇ ਕੌਂਸਲਰਾਂ ਨੰੂ ਪ੍ਰਭਾਵਿਤ ਕਰਕੇ ਸੱਤਾ ਭਨਾਉਣ ਦੀ ਕੋਸ਼ਿਸ਼ ਕੀਤੀ | ਇਸ ਮੌਕੇ ਰਜਨੀਸ਼ ਧੀਮਾਨ, ਨਰਿੰਦਰ ਸਿੰਘ ਮੱਲ੍ਹੀ, ਡਾ. ਸਤੀਸ਼ ਕੁਮਾਰ, ਡਾ. ਨਿਰਮਲ ਨਈਅਰ ਤੇ ਹੋਰ ਮੌਜੂਦ ਸਨ |