ਲੁਧਿਆਣਾ, 28 ਅਪ੍ਰੈਲ (ਜਸਵਿੰਦਰ ਸਿੰਘ)-ਬਲਦੇਵ ਸਿੰਘ ਵਾਲੀਆ ਅਤੇ ਮਨਮੋਹਨ ਸਿੰਘ ਦੀ ਅਗਵਾਈ ਵਿਚ ਨਵੀਂ ਚੁਣੀ ਗਈ ਐਗਜ਼ੈਕਟਿਵ ਕੌਂਸਲ ਵਲੋਂ ਕਰਵਾਏ ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਖੇ ਉਦਘਾਟਨੀ ਸਮਾਰੋਹ ਵਿਚ ਪੀ.ਏ.ਯੂ. ਦੇ ਉਪ-ਕੁਲਪਤੀ ਡਾ: ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵੱਜੋ ਸ਼ਾਮਿਲ ਹੋਏ | ਇਸ ਤੋਂ ਇਲਾਵਾ ਪੀ.ਏ.ਯੂ. ਦੇ ਰਜਿਸਟਰਾਰ ਡਾ: ਰਿਸ਼ੀਪਾਲ ਸਿੰਘ (ਆਈ.ਏ.ਐਸ.) ਅਤੇ ਡਾ: ਚਰਨਜੀਤ ਸਿੰਘ ਔਲਖ ਡੀਨ ਖੇਤੀਬਾੜੀ ਕਾਲਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਪੀ.ਏ.ਯੂ. ਦੇ ਮੁਲਾਜ਼ਮਾਂ ਨੇ ਵੀ ਇਸ ਸਮਾਰੋਹ ਵਿਚ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਵੱਡੇ ਫਰਕ ਨਾਲ ਜਿਤਾ ਕੇ ਲਗਾਤਾਰ ਛੇਵੀਂ ਵਾਰ ਯੂਨੀਅਨ ਦੀ ਵਾਗਡੋਰ ਉਨ੍ਹਾਂ ਦੀ ਟੀਮ ਨੂੰ ਸੌਂਪੀ | ਉਨ੍ਹਾਂ ਨੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੁਲਾਜ਼ਮਾਂ ਦੀਆ ਹੱਕੀ ਮੰਗਾਂ ਲਈ ਉਹ ਸਦਾ ਸੰਘਰਸ਼ਸ਼ੀਲ ਰਹਿਣਗੇ | ਉਨ੍ਹਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਉਪ-ਕੁਲਪਤੀ ਨੂੰ ਸੌਂਪਿਆ | ਮੁੱਖ ਮਹਿਮਾਨ ਡਾ: ਸਤਿਬੀਰ ਸਿੰਘ ਗੋਸਲ ਵਲੋਂ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ ਗਈ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਕਰਕੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ | ਚੁਣੀ ਗਈ ਐਗਜ਼ੈਕਟਿਵ ਵਿਚ ਪ੍ਰਧਾਨ ਬਲਦੇਵ ਸਿੰਘ ਵਾਲੀਆ ਅਤੇ ਜਨਰਲ ਸਕੱਤਰ ਮਨਮੋਹਨ ਸਿੰਘ ਦੇ ਨਾਲ ਨਵਨੀਤ ਸ਼ਰਮਾ, ਨਰਿੰਦਰ ਸਿੰਘ ਸੇਖੋਂ, ਰਣਜੀਤ ਸਿੰਗ ਖੋਸਾ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਗੁਰਇਕਬਾਲ ਸਿੰਘ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਿੰਦਰ ਸਿੰਘ, ਬਰਿੰਦਰ ਸਿੰਘ ਪੰਡੋਰੀ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ ਸ਼ਾਮਿਲ ਹਨ |