ਲੁਧਿਆਣਾ, 28 ਅਪ੍ਰੈਲ (ਜਸਵਿੰਦਰ ਸਿੰਘ)-ਪੀ.ਏ.ਯੂ. ਵਿਚ ਅਕਾਦਮਿਕ ਸਾਲ 2026-27 ਦੌਰਾਨ ਦਾਖਲੇ ਦੇ ਚਾਹਵਾਨ ਵਿਦਿਆਰਥੀਆਂ ਲਈ ਬਿਨੈ ਪੱਤਰ ਭੇਜਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਬੀ.ਐਸ.ਸੀ. ਆਨਰਜ਼ ਐਗਰੀਕਲਚਰ 4 ਸਾਲ, ਬੀ.ਟੈੱਕ ਬਾਇਉਤਕਨਾਲੋਜੀ 4 ਸਾਲ, ਬੀ.ਟੈੱਕ ਭੋਜਨ ਤਕਨਾਲੋਜੀ 4 ਸਾਲ, ਬੀ.ਐਸ.ਸੀ. ਆਨਰਜ਼ ਐਗਰੀਕਲਚਰ 2 +4 ਸਾਲ ਤੋਂ ਇਲਾਵਾ ਬੀ.ਐਸ.ਸੀ. ਆਨਰਜ਼, ਖੇਤੀਬਾੜੀ 4 ਸਾਲ (ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ), ਬੀ.ਐਸ.ਸੀ. ਆਨਰਜ਼ ਬਾਗਬਾਨੀ 4 ਸਾਲ, ਬੀ.ਟੈੱਕ ਖੇਤੀ ਇੰਜੀਨੀਅਰਿੰਗ 4 ਸਾਲ, ਬੀ.ਐਸ.ਸੀ. ਆਨਰਜ਼ ਖੇਤੀ ਪ੍ਰਬੰਧਨ 4 ਸਾਲ, ਬੀ.ਐਸ.ਸੀ. ਆਨਰਜ਼ ਪੋਸ਼ਣ ਅਤੇ ਡਾਇਟੈਟਿਕਸ 4 ਸਾਲ, ਬੀ.ਐਸ.ਸੀ. ਆਨਰਜ਼ ਕਮਿਊਨਿਟੀ ਸਾਇੰਸ 4 ਸਾਲ, ਬੀ.ਐਸ.ਸੀ. ਆਨਰਜ਼ ਫੈਸ਼ਨ ਡਿਜ਼ਾਇਨਿੰਗ 4 ਸਾਲ ਤੋਂ ਇਲਾਵਾ ਡਿਪਲੋਮਾ ਕੋਰਸਾਂ ਵਿਚ ਦਾਖਲੇ ਦਾ ਮੌਕਾ ਮੁਹੱਈਆ ਕਰਵਾਇਆ ਜਾ ਰਿਹਾ ਹੈ | ਇਨ੍ਹਾਂ ਅਕਾਦਮਿਕ ਪ੍ਰੋਗਰਾਮਾਂ ਵਿਚ ਦਾਖਲਾ ਪ੍ਰਵੇਸ਼ ਪ੍ਰੀਖਿਆਵਾਂ ਰਾਹੀਂ ਹੁੰਦਾ ਹੈ | ਉਨ੍ਹਾਂ ਨੇ ਦੱਸਿਆ ਕਿ ਚਾਰ ਸਾਲਾ ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ਵਿਚ ਬੀ.ਐਸ.ਸੀ. ਐਗਰੀਕਲਚਰ (ਆਨਰਜ਼), ਬੀ.ਐਸ.ਸੀ. ਹਾਰਟੀਕਲਚਰ (ਆਨਰਜ਼), ਬੀ.ਟੈੱਕ ਬਾਇਉਤਕਨਾਲੋਜੀ, ਬੀ.ਟੈੱਕ ਫੂਡ ਤਕਨਾਲੋਜੀ, ਬੀ.ਟੈੱਕ ਐਗਰੀਕਲਚਰਲ ਇੰਜੀਨੀਅਰਿੰਗ, ਬੀ.ਐਸ.ਸੀ. ਕਮਿਊਨਿਟੀ ਸਾਇੰਸ ਆਨਰਜ਼, ਬੀ.ਐਸ. ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਪ੍ਰਮੁੱਖ ਹਨ | ਇਹਨਾਂ ਵਿਚ ਦਾਖਲੇ ਲਈ ਯੋਗਤਾ 10+2 ਹੈ | ਬਿਨੈਪੱਤਰ ਦੇਣ ਦੀ ਆਖ਼ਰੀ ਤਰੀਕ 8 ਮਈ 2026 ਹੈ | ਉਸ ਤੋਂ ਬਾਅਦ 15 ਮਈ 2026 ਤੱਕ ਲੇਟ ਫ਼ੀਸ ਨਾਲ ਬਿਨੈਪੱਤਰ ਦਿੱਤੇ ਜਾ ਸਕਣਗੇ | ਉਨ੍ਹਾਂ ਕਿਹਾ ਕਿ ਦਾਖਲਿਆਂ ਸੰਬੰਧੀ ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈੱਬਸਾਈਟ ਉੱਪਰ ਫੇਰੀ ਪਾਈ ਜਾ ਸਕਦੀ ਹੈ |