ਲੁਧਿਆਣਾ, 28 ਅਪ੍ਰੈਲ (ਡਾ. ਤਰਲੋਚਨ ਸਿੰਘ)-ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ (1926 - 2026) ਅਤੇ ਜੰਗ ਵਿਰੋਧੀ ਲੋਕ ਲਹਿਰ ਨੂੰ ਸਮਰਪਿਤ ਹੋਵੇਗੀ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਪੰਜਾਬੀ ਭਵਨ ਵਿਖੇ ਮਨਾਈ ਜਾ ਰਹੀ ਪਹਿਲੀ ਮਈ ਦੀ 43ਵੀਂ ਨਾਟਕਾਂ ਅਤੇ ਗੀਤਾਂ ਭਰੀ ਰਾਤ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮੋਲਕ ਸਿੰਘ ਅਤੇ ਕੰਵਲਜੀਤ ਖੰਨਾ ਨੇ ਦੱਸਿਆ ਕਿ ਇਸ ਸਮਾਗਮ ਦੀ ਸਫ਼ਲਤਾ ਲਈ ਤਿਆਰੀ ਮੁਹਿੰਮ ਪੂਰੇ ਪੰਜਾਬ ਵਿਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ | ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਦਰਜਨਾਂ ਹੀ ਮਜ਼ਦੂਰ ਕਿਸਾਨ, ਨੌਜਵਾਨ, ਸਾਹਿਤਕ, ਸੱਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ਹੋ ਰਹੇ ਪਲਸ ਮੰਚ ਦੇ ਇਸ ਮਿਸਾਲੀ ਸੱਭਿਆਚਾਰਕ ਸਮਾਗਮ ਨੂੰ ਚਾਰ ਚੰਨ ਲਾਉਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਦਰਜਨਾਂ ਥਾਵਾਂ ਤੇ ਗੀਤ ਸੰਗੀਤ ਅਤੇ ਨਾਟ ਵਰਕਸ਼ਾਪਾਂ ਲੱਗੀਆਂ ਹੋਈਆਂ ਹਨ | ਪੰਜਾਬੀ ਭਵਨ ਦੇ ਬਲਰਾਜ ਸਾਹਨੀ ਖੁੱਲੇ ਰੰਗ ਮੰਚ ਤੇ ਹੋ ਰਹੇ ਇਸ ਸਮਾਗਮ ਵਿਚ ਅੱਧੀ ਦਰਜਨ ਤੋਂ ਵੱਧ ਨਾਟਕ ਅਤੇ ਇੰਨੀਆਂ ਹੀ ਸੰਗੀਤ ਮੰਡਲੀਆਂ ਦੇ ਸੈਂਕੜੇ ਕਲਾਕਾਰ ਬਹੁਤ ਹੀ ਢੁਕਵੇਂ ਅਤੇ ਵੰਨ ਸੁਵੰਨੇ ਵਿਸ਼ਿਆਂ ਨਾਲ ਸਬੰਧਿਤ ਨਾਟਕ ਅਤੇ ਗੀਤ ਸੰਗੀਤ ਲੈ ਕੇ ਪਹੁੰਚ ਰਹੇ ਹਨ | ਸਮਾਜ ਅੰਦਰ ਫੈਲੇ ਹਨੇ੍ਹਰੇ ਨੂੰ ਰੁਸ਼ਨਾਉਂਦੀ ਇਸ ਨਾਟਕਾਂ ਅਤੇ ਗੀਤਾਂ ਭਰੀ ਰਾਤ ਮੌਕੇ ਰੰਗ ਮੰਚ, ਸਾਹਿਤ ਅਤੇ ਕਲਾ ਜਗਤ ਦੀਆਂ ਸ਼ਖਸੀਅਤਾਂ ਕੁਲਵੰਤ ਕੌਰ ਨਗਰ, ਬੱਲੀ ਸਿੰਘ ਚੀਮਾ, ਰਣਜੀਤ ਲਹਿਰਾ ਅਤੇ ਪਰਮਜੀਤ ਚੱਕ ਦੇਸ ਰਾਜ ਨੂੰ ਪਲਸ ਮੰਚ ਵੱਲੋਂ 'ਗੁਰਸ਼ਰਨ ਲੋਕ ਕਲਾ ਸਨਮਾਨ' ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਰਾਤ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਚਿੱਤਰਕਾਰ ਇੰਦਰਜੀਤ ਸਿੰਘ ਜਲੰਧਰ ਵੱਲੋਂ ਲਗਾਈ ਜਾ ਰਹੀ ਜੰਗ ਅਤੇ ਫਾਸ਼ੀਵਾਦ ਵਿਰੋਧੀ ਫੋਟੋ ਕਲਾ ਪ੍ਰਦਰਸ਼ਨੀ ਹੋਵੇਗੀ ਜੋ ਪੰਜਾਬੀ ਭਵਨ ਦੇ ਖੁੱਲ੍ਹੇ ਘਾਹ ਪਾਰਕ ਵਿੱਚ ਲਗਾਈ ਜਾਵੇਗੀ | ਇਸ ਰਾਤ ਪਲਸ ਮੰਚ ਵੱਲੋਂ ਅਮੋਲਕ ਸਿੰਘ, ਯਸ਼ ਪਾਲ ਵੱਲੋਂ ਸੰਪਾਦਤ ਪੁਸਤਕ 'ਜੰਗ ਤੇ ਜ਼ਿੰਦਗੀ' ਸਮੇਤ ਹੋਰ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਜਾਣਗੀਆਂ | ਉਕਤ ਆਗੂਆਂ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਪਰਿਵਾਰਾਂ ਸਮੇਤ ਕਾਫ਼ਲੇ ਬੰਨ੍ਹ ਕੇ ਇਸ ਰਾਤ ਬਹੁਤ ਹੀ ਖੂਬਸੂਰਤ, ਅਮੀਰ ਅਤੇ ਨਰੋਏ ਸਾਹਿਤ ਸੱਭਿਆਚਾਰ ਨਾਲ ਜੁੜਨ ਲਈ ਸ਼ਾਮ ਨੂੰ 7.00 ਵਜੇ ਘਾਹ ਪਾਰਕ ਵਿਚ ਸਰਕਲ ਬਣਾ ਕੇ, ਆਪਣੇ ਹੱਥਾਂ ਵਿਚ ਮੋਮਬੱਤੀਆਂ ਅਤੇ ਤਖ਼ਤੀਆਂ ਲੈ ਕੇ ਅਮਰੀਕਾ ਇਜ਼ਰਾਈਲ ਵਲੋਂ ਦੁਨੀਆਂ ਦੇ ਲੋਕਾਂ ਉਪਰ ਜੰਗ ਮੜ੍ਹਨ ਅਤੇ ਸਨਅਤੀ ਕਾਮਿਆਂ, ਬੁੱਧੀਜੀਵੀਆਂ ਨੂੰ ਚੋਣਵੇਂ ਕਹਿਰ ਦਾ ਨਿਸ਼ਾਨਾ ਬਣਾਏ ਜਾਣ ਖਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਸਮਾਗਮ ਦਾ ਆਗਾਜ਼ ਕਰਨ ਦੀ ਰਸਮ ਵਿਚ ਸ਼ਾਮਲ ਹੋਣ |