ਫੁੱਲਾਂਵਾਲ, 28 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਹਲਕਾ ਗਿੱਲ ਦੇ ਪਿੰਡ ਫੁੱਲਾਂਵਾਲ ਵਿਖੇ ਹੋਈ, ਜਿਸ ਵਿਚ ਸਾਬਕਾ ਚੇਅਰਮੈਨ ਹਰਮਿੰਦਰ ਸਿੰਘ ਬਿੰਦਰ ਠੱਕਰਵਾਲ, ਸੀਨੀ. ਅਕਾਲੀ ਆਗੂ ਸੁਖਮਿੰਦਰ ਸਿੰਘ ਬਿੱਟੂ ਮਾਣਕਵਾਲ, ਸਾਬਕਾ ਬਲਾਕ ਸੰਮਤੀ ਮੈਂਬਰ ਪ੍ਰਧਾਨ ਮਾਨ ਸਿੰਘ ਫੁੱਲਾਂਵਾਲ, ਸਾਬਕਾ ਪੰਚ ਤਰਨਜੀਤ ਸਿੰਘ ਸਿੱਧੂ, ਨਰਿੰਦਰ ਸਿੰਘ, ਸਾਬਕਾ ਸਰਪੰਚ ਪਰਿਤਪਾਲ ਸਿੰਘ ਫੁੱਲਾਂਵਾਲ, ਬੱਬੂ ਮਾਣਕਵਾਲ, ਹਰਜੀਤ ਸਿੰਘ ਤਨੇਜਾ, ਮਹਿੰਦਰ ਸਿੰਘ, ਸਰਕਲ ਪ੍ਰਧਾਨ ਜਥੇਦਾਰ ਰਘਬੀਰ ਸਿੰਘ ਗਰੇਵਾਲ, ਸਰਕਲ ਪ੍ਰਧਾਨ ਹਰਸਿਮਰਨ ਸਿੰਘ, ਜਸਕਰਨ ਸਿੰਘ ਗਰੇਵਾਲ ਨੇ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਨੂੰ ਭਰੋਸਾ ਦਿਵਾਇਆ ਕਿ ਇਸ ਵਾਰ ਹਲਕਾ ਗਿੱਲ ਤੋਂ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਿਆ ਜਾਵੇਗਾ | ਉਕਤ ਆਗੂਆਂ ਨੇ ਕਿਹਾ ਕਿ ਸੂਬੇ ਅਤੇ ਉਨ੍ਹਾਂ ਦੇ ਹਲਕੇ ਦੇ ਵਿਕਾਸ ਕਾਰਜ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਹੀ ਹੋਏ ਹਨ | ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਸੂਬਾ ਵਾਸੀਆਂ ਨੂੰ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਦਿੱਤਾ, ਜਿਸ 'ਤੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀਆਂ ਉਮੀਦਾਂ 'ਤੇ ਪੂਰਾ ਉਤਰਨ ਲਈ ਹਰ ਸੰਭਵ ਕੋਸ਼ਿਸ਼ ਅਤੇ ਮਿਹਨਤ ਕਰਨਗੇ | ਦਿੱਲੀ ਦੇ ਇਸ਼ਾਰਿਆਂ 'ਤੇ ਚੱਲਣ ਵਾਲੀਆਂ ਸਰਕਾਰਾਂ ਨੇ ਪੰਜਾਬ ਵਾਸੀਆਂ ਦੇ ਪੱਲੇ ਨਿਰਾਸ਼ਾ ਹੀ ਪਾਈ ਹੈ | 'ਆਪ' ਦੇ ਧਨੰਤਰ ਆਗੂ ਹੀ ਇਸ ਨੂੰ ਛੱਡ ਕੇ ਜਾ ਰਹੇ ਹਨ, ਜਿਸ ਨੂੰ ਲੈ ਕੇ ਆਉਣ ਵਾਲੇ ਸਮੇਂ ਅੰਦਰ 'ਆਪ' ਵਾਲਿਆਂ ਦਾ ਝਾੜੂ ਤੀਲਾ ਤੀਲਾ ਹੋ ਜਾਵੇਗਾ | ਆਗਾਮੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬਾ ਵਾਸੀ 'ਆਪ' ਵਾਲਿਆਂ ਨੂੰ ਚੱਲਦਾ ਕਰਕੇ ਸੂਬੇ ਅੰਦਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੂਬੇ ਦੀ ਵਾਗਡੋਰ ਸੌਂਪਣ ਲਈ ਉਤਾਵਲੇ ਹਨ |