ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਦੀਆਂ ਸਿਆਸੀ ਸਫਾਂ ਅੰਦਰ ਨਵਾਂ ਮੋੜ
ਅਜੀਤ ਡੈਸਕ
29-04-2026
• ਪਾਰਟੀ ਦੇ ਹਿਤਾਂ ਨੂੰ ਮੁੱਖ ਰਖਦਿਆਂ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਤੁਰੰਤ ਦਖ਼ਲ ਦੇਣ ਦੀ ਕੀਤੀ ਅਪੀਲ
ਡੇਹਲੋਂ, 28 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਵਿਧਾਨ ਸਭਾ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਦੀਆਂ ਸਿਆਸੀ ਸਫ਼ਾਂ ਵਿੱਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਕਾਂਗਰਸ ਦੇ ਬਲਾਕ ਪ੍ਰਧਾਨਾਂ ਸਮੇਤ ਜ਼ਿਲ੍ਹਾ ਦਿਹਾਤੀ ਅੰਦਰ ਨਵ-ਨਿਯੁਕਤ ਅਹੁਦੇਦਾਰਾਂ ਵਲੋਂ ਅਹਿਮ ਮੀਟਿੰਗ ਕਰਕੇ ਕਾਂਗਰਸ ਹਾਈਕਮਾਨ ਸਮੇਤ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤੁਰੰਤ ਹਲਕਾ ਗਿੱਲ ਅੰਦਰ ਦਖ਼ਲ ਦੇਣ ਦੀ ਮੰਗ ਰੱਖ ਦਿੱਤੀ ਗਈ | ਇਸ ਸਮੇਂ ਬਲਾਕ ਡੇਹਲੋਂ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ, ਬਲਾਕ ਲੁਧਿਆਣਾ ਪ੍ਰਧਾਨ ਬਾਦਸ਼ਾਹ ਸਿੰਘ ਦਿਓਲ ਅਤੇ ਬਲਾਕ ਪ੍ਰਧਾਨ ਗੁਰਜਗਦੀਪ ਸਿੰਘ ਲਾਲੀ ਲਲਤੋਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਹਲਕਾ ਗਿੱਲ ਅੰਦਰ ਆਪੇ ਬਣੇ ਕੁੱਝ ਦਾਅਵੇਦਾਰਾਂ ਵਲੋਂ ਕਾਂਗਰਸ ਪਾਰਟੀ ਨੂੰ ਦੋਫਾੜ ਕਰਨ ਅਤੇ ਕਮਜ਼ੋਰ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਨਾਲ ਕਾਂਗਰਸੀ ਵਰਕਰਾਂ ਤੇ ਮਾੜਾ ਪ੍ਰਭਾਵ ਪੈਣ ਦੇ ਨਾਲ-ਨਾਲ ਵਰਕਰਾਂ ਅੰਦਰ ਦੁਬਿਧਾ ਦਾ ਮਾਹੌਲ ਬਣਨ ਲੱਗਾ ਹੈ | ਇਸ ਸਮੇਂ ਤਿੰਨੋ ਬਲਾਕ ਪ੍ਰਧਾਨਾਂ ਸਮੇਤ ਜ਼ਿਲ੍ਹਾ ਦਿਹਾਤੀ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਜ਼ਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ ਜਿੱਪੀ ਮਾਜਰੀ, ਜ਼ਿਲ੍ਹਾ ਮੀਤ ਪ੍ਰਧਾਨ ਤੇਜਿੰਦਰ ਸਿੰਘ ਲਾਡੀ ਜੱਸੜ, ਕਾਂਗਰਸ ਦੇ ਮੁੱਖ ਬੁਲਾਰਾ ਇੰਦਰਜੀਤ ਸਿੰਘ ਬਰਾੜ, ਜ਼ਿਲਾ ਜਨਰਲ ਸਕੱਤਰ ਦਵਿੰਦਰ ਸਿੰਘ ਗਿੱਲ, ਜ਼ਿਲ੍ਹਾ ਸਕੱਤਰ ਨਰਿੰਦਰਜੀਤ ਸਿੰਘ ਨਿੰਦਾ ਰਣੀਆਂ, ਜ਼ਿਲ੍ਹਾ ਸਕੱਤਰ ਗੁਰਜੀਤ ਸਿੰਘ ਰੰਗੀਆਂ, ਯੂਥ ਵਿੰਗ ਪ੍ਰਧਾਨ ਹਰਜੋਤ ਸਿੰਘ ਗਰੇਵਾਲ, ਜ਼ਿਲ੍ਹਾ ਦਿਹਾਤੀ ਕਾਂਗਰਸ ਮਹਿਲਾ ਪ੍ਰਧਾਨ ਬੀਬੀ ਕਿਰਨਜੀਤ ਕੌਰ ਗਰੇਵਾਲ, ਬਲਾਕ ਪ੍ਰਧਾਨ ਸੁਖਦੀਪ ਕੌਰ ਪੱਦੀ, ਜ਼ਿਲ੍ਹਾ ਸੀਨੀਅਰ ਮੀਤ ਵਾਈਸ ਪ੍ਰਧਾਨ ਹਰਜੀਤ ਕੌਰ ਗਰਚਾ ਸਮੇਤ ਆਗੂਆਂ ਨੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਕਾਂਗਰਸ ਦੀ ਟਿਕਟ ਦੇ ਆਪੇ ਬਣੇ ਦਾਅਵੇਦਾਰਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਕਾਂਗਰਸ ਪਾਰਟੀ ਦੀ ਇੱਕਜੁੱਟਤਾ ਨੂੰ ਖੋਰਾ ਲੱਗਣ ਤੋਂ ਬਚ ਜਾਵੇ | ਸਾਰੇ ਆਗੂਆਂ ਨੇ ਕਿਹਾ ਕਿ ਪਿਛਲੇ 4 ਸਾਲ ਤੋਂ ਵੱਧ ਸਮੇਂ ਤੱਕ ਇਹ ਲੋਕ ਸਰਕਾਰ ਤੋਂ ਡਰਦੇ ਮਾਰੇ ਘੁਰਨਿਆਂ ਵਿੱਚ ਵੜੇ ਰਹੇ ਅਤੇ ਹੁਣ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਖੁੰਭਾਂ ਵਾਂਗ ਉੱਗ ਖਲੋਤੇ ਆਪਣੇ ਆਪ ਨੂੰ ਕਾਂਗਰਸ ਪਾਰਟੀ ਦੇ ਟਿਕਟ ਦੇ ਦਾਅਵੇਦਾਰ ਦੱਸਕੇ ਪਾਰਟੀ ਨੂੰ ਖੋਰਾ ਲਗਾਉਣ ਦੇ ਯਤਨਾਂ ਵਿੱਚ ਲੱਗ ਗਏ ਹਨ, ਜਿਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਬਣਦੀ ਹੈ | ਇੱਥੇ ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਹਲਕਾ ਗਿੱਲ ਅੰਦਰ ਕੁੱਝ ਆਗੂਆਂ ਵੱਲੋਂ ਪਾਰਟੀ ਟਿਕਟ ਸੰਬੰਧੀ ਕਾਂਗਰਸ ਹਾਈਕਮਾਂਡ ਦੀ ਹਮਾਇਤ ਪ੍ਰਾਪਤ ਹੋਣ ਦੇ ਦਾਅਵਿਆਂ ਦਾ ਸਖ਼ਤ ਨੋਟਿਸ ਲੈਂਦਿਆਂ ਕਾਂਗਰਸ ਦੇ ਤਿੰਨਾਂ ਬਲਾਕ ਪ੍ਰਧਾਨਾਂ, ਜ਼ਿਲ੍ਹਾ ਵਾਰ ਆਗੂਆਂ ਸਮੇਤ ਸੀਨੀਅਰ ਆਗੂਆਂ ਨੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸੀਨੀਅਰ ਲੀਡਰਸ਼ਿਪ ਤੋਂ ਪਾਰਟੀ ਹਿੱਤਾਂ ਨੂੰ ਮੁੱਖ ਰੱਖਦਿਆਂ ਇਹਨਾਂ ਆਪੇ ਬਣੇ ਟਿਕਟ ਦੇ ਦਾਅਵੇਦਾਰਾਂ ਖ਼ਿਲਾਫ਼ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਕੋਝੀਆਂ ਚਾਲਾਂ ਦੇ ਮੱਦੇਨਜ਼ਰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ | ਇਸ ਸਮੇਂ ਕਿਸਾਨ ਸੈਲ ਪ੍ਰਧਾਨ ਇੰਦਰਜੀਤ ਸਿੰਘ ਗਿੱਲ, ਬਿੰਦਰ ਕੁਮਾਰ ਆਲੋਵਾਲ, ਸਰਪੰਚ ਓਮਪ੍ਰਕਾਸ਼ ਸਿੰਘ ਮਨਸੂਰਾਂ, ਸਾਬਕਾ ਚੇਅਰਮੈਨ ਸੁਖਦੇਵ ਸਿੰਘ, ਗੁਰਚਰਨ ਸਿੰਘ ਆਲੋਵਾਲ, ਰਿੰਕੀ ਤਲਵੰਡੀ ਮੀਡੀਆ ਕੋਆਰਡੀਨੇਟਰ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਆਗੂ ਤੇ ਵਰਕਰ ਹਾਜ਼ਰ ਸਨ |