ਲੁਧਿਆਣਾ, 1 ਮਈ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਕਲਗੀਧਰ ਸਿੰਘ ਸਭਾ ਲੁਧਿਆਣਾ ਵਲੋਂ ਸਰਬ ਸਾਂਝੀ ਸੇਵਾ ਸੁਸਾਇਟੀ ਦੇ ਮੁੱਖ ਪ੍ਰਬੰਧਕ ਹਰਪਾਲ ਸਿੰਘ ਖ਼ਾਲਸਾ, ਸਰਬਜੀਤ ਸਿੰਘ ਛਾਪਾ, ਸੰਤੋਖ ਸਿੰਘ ਅਤੇ ਗਰਚਰਨ ਸਿੰਘ ਰੰਧਾਵਾ ਨੂੰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਤੋਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਤੱਕ ਸਜਾਏ ਨਗਰ ਕੀਰਤਨ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਕਕਾਰਾਂ ਦੀ ਸੇਵਾ ਕਰਨ ਦੇ ਨਾਲ-ਨਾਲ ਅੰਮਿ੍ਤ ਛਕਣ ਲਈ ਪ੍ਰੇਰਿਤ ਕਰਨ ਬਦਲੇ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ | ਸਨਮਾਨਿਤ ਹੋਣ ਉਪਰੰਤ ਹਰਪਾਲ ਸਿੰਘ ਖਾਲਸਾ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਹਾਲਾਤ ਅਜਿਹੇ ਵੀ ਬਣੇ ਨੇ, ਜਦੋਂ ਸਿੱਖ ਪੰਜ ਕਕਾਰਾਂ ਨੂੰ ਪਹਿਨਣ ਤੋਂ ਦੂਰ ਸੀ | ਦੂਜੇ ਸ਼ਬਦਾਂ 'ਚ ਕਹੀਏ ਕਿ ਪੰਜ ਕਕਾਰ ਸਲਾਮਤ ਰੱਖ ਸਕਣਾ ਮੁਸ਼ਕਿਲ ਸੀ | ਪਰ ਵਰਤਮਾਨ ਹਾਲਾਤ ਵੱਖਰੇ ਹਨ | ਅੱਜ ਅੰਮਿ੍ਤ ਅਭਿਲਾਖੀਆਂ ਵਲੋਂ ਭਾਰੀ ਗਿਣਤੀ ਵਿਚ ਅੰਮਿ੍ਤ ਛਕਣਾ ਇਸੇ ਗੱਲ ਦਾ ਪ੍ਰਮਾਣ ਹੈ ਕਿ ਖਾਲਸਾ ਸੰਕਟ ਦੀ ਘੜੀ ਵਿਚ ਜਾਂ ਘੋਰ ਇਕੱਲਤਾ ਵਿਚ ਗੁਰੂ ਬਖ਼ਸ਼ਿਸ਼ ਪੰਜ ਕਕਾਰ ਰੂਪੀ ਨਿਸ਼ਾਨੀਆਂ ਨੂੰ ਪਹਿਨ ਕੇ ਗੁਰੂ ਦੀ ਨੇੜਤਾ ਮਹਿਸੂਸ ਕਰਦਾ ਹੈ | ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਸਰਦਾਰ ਖਾਲਸਾ ਵਲੋਂ ਨਿਭਾਈਆਂ ਗਈਆਂ ਇਨ੍ਹਾਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਕਿ ਹਰ ਸਾਲ ਉਹ ਅਜਿਹੇ ਨਗਰ ਕੀਰਤਨ ਸਜਾਉਣ |