ਲੁਧਿਆਣਾ, 2 ਮਈ (ਜਤਿੰਦਰ ਭੰਬੀ)-ਆਸਟੇ੍ਰਲੀਆ ਵਿਚ ਪੈਦਾ ਹੋਏ ਓਮ ਸਤੀਜਾ ਵਲੋਂ ਆਪਸੀ ਏਕਤਾ ਦਾ ਸੁਨੇਹਾ ਦਿੰਦੇ ਹੋਏ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਦੌੜ ਕੇ 5 ਹਜ਼ਾਰ ਕਿੱਲੋਮੀਟਰ ਦੀ ਯਾਤਰਾ ਕੀਤੀ | ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੀ ਯਾਤਰਾ ਕਰਨ ਵਾਲੇ ਓਮ ਸਤੀਜਾ ਦਾ ਲੁਧਿਆਣਾ ਪਹੁੰਚਣ 'ਤੇ ਸਾਬਕਾ ਫ਼ੌਜੀਆਂ ਵਲੋਂ ਜਿੱਥੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ, ਉਥੇ ਹੀ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਓਮ ਸਤੀਜਾ ਨੇ ਇਸ ਸਨਮਾਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਇਸ ਸਨਮਾਨ 'ਤੇ ਬਹੁਤ ਹੀ ਜ਼ਿਆਦਾ ਖ਼ੁਸ਼ ਹਨ | ਉਨ੍ਹਾਂ ਦੱਸਿਆ ਕਿ ਭਾਵੇਂ ਉਹ ਆਸਟੇ੍ਰਲੀਆ ਵਿਚ ਜਨਮੇ ਹਨ,ਪਰ ਉਨ੍ਹਾਂ ਦੇ ਮਾਤਾ ਪਿਤਾ ਭਾਰਤ ਤੋਂ ਹਨ | ਓਮ ਸਤੀਜਾ ਨੇ ਦੱਸਿਆ ਕਿ ਉਹ ਹੁਣ ਤੱਕ 4200 ਕਿੱਲੋਮੀਟਰ ਤੋਂ ਵੱਧ ਦਾ ਸਫ਼ਰ ਦੌੜ ਕੇ ਤੈਅ ਕਰ ਚੁੱਕੇ ਹਨ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਓਮ ਸਤੀਜਾ ਨੇ ਦੱਸਿਆ ਕਿ ਭਾਰਤ ਉਨ੍ਹਾਂ ਦੀ ਮਾਤ-ਭੂਮੀ ਹੈ ਅਤੇ ਉਨ੍ਹਾਂ ਦਾ ਆਪਣੀ ਮਾਤ ਭੂਮੀ ਨਾਲ ਅੰਤਾਂ ਦਾ ਮੋਹ ਹੈ | ਇੱਥੇ ਵੱਖ-ਵੱਖ ਧਰਮਾਂ ਜਾਤਾਂ ਸੰਪਰਦਾਇਆਂ ਦੇ ਲੋਕ ਵੱਖ-ਵੱਖ ਭਾਸ਼ਾ, ਖਾਣ ਪੀਣ, ਰੀਤੀ ਰਿਵਾਜ਼ਾਂ ਦੇ ਬਾਵਜੂਦ ਮਿਲ ਜੁੱਲ ਕੇ ਰਹਿੰਦੇ ਹਨ | ਉਨ੍ਹਾਂ ਆਪਣੇ ਬਾਰੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਵੱਧ ਤੋਂ ਵੱਧ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਲੰਬੇ ਸਫ਼ਰ ਦੌਰਾਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਬਹੁਤ ਖ਼ੁਸ਼ ਹਨ ਕਿਉਂਕਿ ਉਹ ਆਪਣੇ ਉਦੇਸ਼ ਦੀ ਪੂਰਤੀ ਵਾਸਤੇ ਲਗਾਤਾਰ ਅੱਗੇ ਵੱਧ ਰਹੇ ਹਨ |